ਰਿਆਸੀ ਅਤਿਵਾਦੀ ਹਮਲਾ : ਅਤਿਵਾਦੀ ਸੰਗਠਨਾਂ ਨੇ ਲਈ ਜ਼ਿੰਮੇਵਾਰੀ, ਫਿਰ ਪਿੱਛੇ ਹਟੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਮਲੇ ਦੀ ਵਿਆਪਕ ਨਿੰਦਾ ਦੇ ਮੱਦੇਨਜ਼ਰ ਸ਼ੱਕੀ ਸਮੂਹਾਂ ਨੇ ਤੁਰਤ ਅਪਣੇ ਬਿਆਨ ਵਾਪਸ ਲੈ ਲਏ ਅਤੇ ਇਸ ਦੀ ਬਜਾਏ ਸਰਕਾਰੀ ਏਜੰਸੀਆਂ ’ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ

File Photo

ਜੰਮੂ: ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨਾਲ ਜੁੜੇ ਤਿੰਨ ਸਮੂਹਾਂ ਨੇ ਐਤਵਾਰ ਨੂੰ ਜੰਮੂ ’ਚ ਸ਼ਰਧਾਲੂਆਂ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਦੋ ਸਾਲ ਦੇ ਬੱਚੇ ਸਮੇਤ ਨੌਂ ਲੋਕਾਂ ਦੀ ਮੌਤ ’ਤੇ ਵਿਆਪਕ ਨਿੰਦਾ ਅਤੇ ਗੁੱਸੇ ਤੋਂ ਬਾਅਦ, ਸਮੂਹਾਂ ਨੇ ਤੁਰਤ ਅਪਣੇ ਬਿਆਨ ਵਾਪਸ ਲੈ ਲਏ। 

ਅਧਿਕਾਰੀਆਂ ਨੇ ਦਸਿਆ ਕਿ ਪੀਪਲਜ਼ ਐਂਟੀ ਫਾਸ਼ੀਵਾਦੀ ਫੋਰਸ (ਪੀ.ਏ.ਐੱਫ.ਐੱਫ.), ਰੀਵਾਈਵਲ ਆਫ ਰੈਜ਼ੀਸਟੈਂਸ ਅਤੇ ਦਿ ਰੈਜ਼ੀਸਟੈਂਸ ਫਰੰਟ (ਲਸ਼ਕਰ-ਏ-ਤੋਇਬਾ ਨਾਲ ਜੁੜੇ) ਨੇ ਸ਼ੁਰੂ ’ਚ ਸੋਸ਼ਲ ਮੀਡੀਆ ’ਤੇ ਰਿਆਸੀ ਦੇ ਸ਼ਿਵਖੋੜੀ ਤੋਂ ਕਟੜਾ ਜਾ ਰਹੀ ਬੱਸ ’ਤੇ ਹੋਏ ਹਮਲੇ ’ਚ ਅਪਣੀ ਸ਼ਮੂਲੀਅਤ ਦਾ ਦਾਅਵਾ ਕੀਤਾ ਸੀ। 

ਹਮਲਾਵਰਾਂ ਨੇ ਪੋਨੀ ਇਲਾਕੇ ਦੇ ਤੇਰਿਆਥ ਪਿੰਡ ਨੇੜੇ ਬੱਸ ’ਤੇ ਗੋਲੀਆਂ ਚਲਾਈਆਂ, ਜੋ ਖੱਡ ’ਚ ਡਿੱਗ ਗਈ, ਜਿਸ ’ਚ 9 ਲੋਕਾਂ ਦੀ ਮੌਤ ਹੋ ਗਈ ਅਤੇ 41 ਹੋਰ ਜ਼ਖਮੀ ਹੋ ਗਏ। ਗੋਲੀ ਲੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 10 ਹੋਰ ਇਸ ਸਮੇਂ ਜੰਮੂ ਖੇਤਰ ਦੇ ਹਸਪਤਾਲਾਂ ’ਚ ਇਲਾਜ ਅਧੀਨ ਹਨ। 

ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਮਲੇ ਦੀ ਵਿਆਪਕ ਨਿੰਦਾ ਦੇ ਮੱਦੇਨਜ਼ਰ, ਖਾਸ ਤੌਰ ’ਤੇ ਬੱਚਿਆਂ ਦੀ ਹੱਤਿਆ ਦੇ ਮੱਦੇਨਜ਼ਰ, ਸ਼ੱਕੀ ਸਮੂਹਾਂ ਨੇ ਤੁਰਤ ਅਪਣੇ ਬਿਆਨ ਵਾਪਸ ਲੈ ਲਏ ਅਤੇ ਇਸ ਦੀ ਬਜਾਏ ਸਰਕਾਰੀ ਏਜੰਸੀਆਂ ’ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ। 

ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਨੇ ਖੇਤਰ ਵਿਚ ਅਤਿਵਾਦ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਨੂੰ ਨਵਾਂ ਰੂਪ ਦਿਤਾ ਹੈ ਅਤੇ ਭਵਿੱਖ ਵਿਚ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਰੋਕਣ ਲਈ ਚੌਕਸੀ ਅਤੇ ਸੁਰੱਖਿਆ ਉਪਾਵਾਂ ਨੂੰ ਵਧਾਉਣ ਦੀ ਤੁਰਤ ਜ਼ਰੂਰਤ ਹੈ। 

ਅਤਿਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ 

ਹਮਲੇ ਲਈ ਜ਼ਿੰਮੇਵਾਰ ਤਿੰਨ ਵਿਦੇਸ਼ੀ ਅਤਿਵਾਦੀਆਂ ਨੂੰ ਫੜਨ ਲਈ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾ ਦੀ ਜਾਂਚ ’ਚ ਲੱਗੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ । ਮੰਨਿਆ ਜਾ ਰਿਹਾ ਹੈ ਕਿ ਤਿੰਨੇ ਵਿਦੇਸ਼ੀ ਅਤਿਵਾਦੀ ਲਸ਼ਕਰ-ਏ-ਤੋਇਬਾ ਦੇ ਹਨ। ਐਤਵਾਰ ਨੂੰ ਹੋਏ ਹਮਲੇ ’ਚ ਦੋ ਸਾਲ ਦੇ ਇਕ ਬੱਚੇ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 41 ਹੋਰ ਜ਼ਖਮੀ ਹੋ ਗਏ ਸਨ। 

ਹਮਲੇ ’ਚ ਜ਼ਖਮੀ ਹੋਏ ਲੋਕਾਂ ਦੇ ਬਿਆਨਾਂ ਦੇ ਆਧਾਰ ’ਤੇ ਅਧਿਕਾਰੀਆਂ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿ ਮੌਕੇ ’ਤੇ ਕੋਈ ਚੌਥਾ ਵਿਅਕਤੀ ਮੌਜੂਦ ਸੀ ਜਿਸ ਨੇ ਤਿੰਨਾਂ ਅਤਿਵਾਦੀਆਂ ਦੀ ਮਦਦ ਕੀਤੀ ਸੀ। ਅਤਿਵਾਦੀਆਂ ਨੇ ਬੱਸ ’ਤੇ ਉਸ ਸਮੇਂ ਗੋਲੀਆਂ ਚਲਾਈਆਂ ਜਦੋਂ ਇਹ ਸ਼ਿਵ ਖੋੜੀ ਮੰਦਰ ਤੋਂ ਕਟੜਾ ਦੇ ਮਾਤਾ ਵੈਸ਼ਨੋ ਦੇਵੀ ਮੰਦਰ ਜਾ ਰਹੀ ਸੀ। ਹਮਲੇ ਕਾਰਨ ਰਿਆਸੀ ਦੇ ਪੋਨੀ ਇਲਾਕੇ ਦੇ ਤੇਰਾਯਾਥ ਪਿੰਡ ਨੇੜੇ ਬੱਸ ਸੜਕ ਤੋਂ ਫਿਸਲ ਕੇ ਡੂੰਘੀ ਖੱਡ ’ਚ ਡਿੱਗ ਗਈ। 

ਬੱਸ ’ਚ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਸ਼ਰਧਾਲੂ ਸਵਾਰ ਸਨ। ਹਮਲੇ ਤੋਂ ਬਾਅਦ ਪੁਲਿਸ, ਫੌਜ, ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਅਤੇ ਕੇਂਦਰੀ ਖੁਫੀਆ ਏਜੰਸੀਆਂ ਨੇ ਸਾਂਝੇ ਤੌਰ ’ਤੇ ਜਾਂਚ ਮੁਹਿੰਮ ਸ਼ੁਰੂ ਕੀਤੀ ਸੀ। ਅਧਿਕਾਰੀਆਂ ਨੇ ਦਸਿਆ ਕਿ ਬਚੇ ਹੋਏ ਲੋਕ ਅਪਣੇ ਬਿਆਨ ਦਰਜ ਕਰ ਰਹੇ ਹਨ ਜਦਕਿ ਦੋਸ਼ੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਰੈਜ਼ੀਸਟੈਂਸ ਫਰੰਟ (ਟੀ.ਆਰ.ਐਫ.) ਨੇ ਪਹਿਲਾਂ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਬਾਅਦ ਵਿਚ ਅਪਣਾ ਬਿਆਨ ਵਾਪਸ ਲੈ ਲਿਆ। 

ਹਮਲੇ ’ਚ ਮਾਰੇ ਗਏ ਲੋਕਾਂ ’ਚ ਰਾਜਸਥਾਨ ਦੇ ਟੀਟੂ ਸਾਹਨੀ (2) ਅਤੇ ਉਸ ਦੀ ਮਾਂ ਪੂਜਾ ਸ਼ਾਮਲ ਹਨ। ਉਹ ਰਾਜ ਦੇ ਉਨ੍ਹਾਂ ਚਾਰ ਲੋਕਾਂ ’ਚੋਂ ਇਕ ਸੀ ਜਿਨ੍ਹਾਂ ਨੇ ਹਮਲੇ ’ਚ ਅਪਣੀ ਜਾਨ ਗੁਆ ਦਿਤੀ ਸੀ। ਮ੍ਰਿਤਕਾਂ ’ਚੋਂ ਤਿੰਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਬੱਸ ਦਾ ਡਰਾਈਵਰ ਅਤੇ ਕੰਡਕਟਰ ਦੋਵੇਂ ਰਿਆਸੀ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਨੇ ਦਸਿਆ ਕਿ ਹਮਲੇ ਵਿਚ ਨੌਂ ਵਿਚੋਂ ਪੰਜ ਲੋਕਾਂ ਨੂੰ ਗੋਲੀ ਲੱਗੀ ਸੀ। 

ਉਨ੍ਹਾਂ ਨੇ ਦਸਿਆ ਕਿ ਹਮਲੇ ’ਚ 41 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 10 ਨੂੰ ਗੋਲੀ ਲੱਗੀ ਹੈ। ਕੁੱਝ ਜ਼ਖਮੀਆਂ ਦਾ ਜੰਮੂ ਅਤੇ ਰਿਆਸੀ ਜ਼ਿਲ੍ਹਿਆਂ ਦੇ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਅਤਿਵਾਦੀ ਰਾਜੌਰੀ ਅਤੇ ਰਿਆਸੀ ਦੇ ਪਹਾੜੀ ਇਲਾਕਿਆਂ ’ਚ ਲੁਕੇ ਹੋਏ ਹਨ ਅਤੇ ਉਨ੍ਹਾਂ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿਤੀ ਹੈ। ਰਿਆਸੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਮੋਹਿਤ ਸ਼ਰਮਾ ਨੇ ਦਸਿਆ ਕਿ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ’’ 

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਹਸਪਤਾਲਾਂ ’ਚ ਦਾਖਲ ਜ਼ਖਮੀ ਮੁਸਾਫ਼ਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਅਤਿਵਾਦੀ ਹਮਲਾ ਜੰਮੂ ਖੇਤਰ ’ਚ ਅਸ਼ਾਂਤੀ ਪੈਦਾ ਕਰਨ ਦੀ ਨਾਪਾਕ ਸਾਜ਼ਸ਼ ਦਾ ਹਿੱਸਾ ਹੈ। ਪੀੜਤ ਪਰਵਾਰਾਂ ਨਾਲ ਇਕਜੁੱਟਤਾ ਜ਼ਾਹਰ ਕਰਦਿਆਂ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਹੈ। 

ਸਿਨਹਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਥਿਤੀ ਬਾਰੇ ਜਾਣਕਾਰੀ ਦਿਤੀ ਗਈ ਹੈ। ਵੱਖਵਾਦੀ ਸਮੂਹ ਹੁਰੀਅਤ ਕਾਨਫਰੰਸ ਨੇ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਮਨੁੱਖਤਾ ਵਿਰੁਧ ਹਰ ਤਰ੍ਹਾਂ ਦੀ ਹਿੰਸਾ ਦੀ ਨਿੰਦਾ ਕਰਦਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ। 

ਇਸ ਦੌਰਾਨ ਕਟੜਾ, ਡੋਡਾ ਕਸਬੇ ਅਤੇ ਕਠੂਆ ਜ਼ਿਲ੍ਹੇ ਸਮੇਤ ਪੂਰੇ ਜੰਮੂ ਖੇਤਰ ’ਚ ਵੀ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ਹੋਏ। ਪ੍ਰਦਰਸ਼ਨ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਵਧਾਉਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ’ਤੇ ਜੰਮੂ-ਕਸ਼ਮੀਰ ’ਚ ਅਤਿਵਾਦ ਨੂੰ ਸਪਾਂਸਰ ਕਰਨ ਦਾ ਦੋਸ਼ ਲਾਇਆ ਅਤੇ ਗੁਆਂਢੀ ਦੇਸ਼ ਵਿਰੁਧ ਕਾਰਵਾਈ ਦੀ ਮੰਗ ਕੀਤੀ।