ਨੋਟਬੰਦੀ ਦੌਰਾਨ ਨਵੇਂ ਨੋਟ ਢੋਹਣ 'ਤੇ ਹਵਾਈ ਫ਼ੌਜ ਨੇ ਸਰਕਾਰ ਤੋਂ ਮੰਗੇ 29.41 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਟਬੰਦੀ ਤੋਂ ਜਾਰੀ ਕੀਤੇ ਗਏ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਦੀ ਢੁਆਈ ਵਿਚ ਭਾਰਤੀ ਹਵਾਈ ਫ਼ੌਜ ਦੇ ਅਤਿਆਧੁਨਿਕ ਜਹਾਜ਼ ਸੀ-17 ਅਤੇ ਸੀ-130 ਜੇ ...

Air Force

ਨਵੀਂ ਦਿੱਲੀ : ਨੋਟਬੰਦੀ ਤੋਂ ਜਾਰੀ ਕੀਤੇ ਗਏ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਦੀ ਢੁਆਈ ਵਿਚ ਭਾਰਤੀ ਹਵਾਈ ਫ਼ੌਜ ਦੇ ਅਤਿਆਧੁਨਿਕ ਜਹਾਜ਼ ਸੀ-17 ਅਤੇ ਸੀ-130 ਜੇ ਸੁਪਰ ਹਰਕਿਊਲਸ ਦੀ ਵਰਤੋਂ 'ਤੇ 29.41 ਕਰੋੜ ਰਪੁਏ ਤੋਂ ਜ਼ਿਆਦਾ ਦੀ ਰਕਮ ਖ਼ਰਚ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਠ ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਦੇ ਇਸ ਐਲਾਨ ਨਾਲ 86 ਫ਼ੀਸਦੀ ਨੋਟ ਵਿਵਸਥਾ ਤੋਂ ਬਾਹਰ ਹੋ ਗਏ ਸਨ। ਇਸ ਦੀ ਭਰਪਾਈ ਨੋਟਬੰਦੀ ਤੋਂ ਬਾਅਦ ਜਾਰੀ 2000 ਅਤੇ 500 ਰੁਪਏ ਦੇ ਨਵੇਂ ਨੋਟਾਂ ਨਾਲ ਬਿਨਾਂ ਦੇਰੀ ਕਰਨ ਦੀ ਲੋੜ ਸੀ।

ਭਾਰਤੀ ਹਵਾਈ ਫ਼ੌਜ ਵਲੋਂ ਇਕ ਆਰਟੀਆਈ ਅਰਜ਼ੀ ਦੇ ਦਿਤੇ ਗਏ ਜਵਾਬ ਦੇ ਅਨੁਸਾਰ ਸਰਕਾਰ ਦੇ 8 ਨਵੰਬਰ 2016 ਨੂੰ 1000 ਅਤੇ 500 ਰੁਪਏ ਦੇ ਪੁਰਾਣੇ ਨੋਟਾਂ ਨੂੰ ਅਚਾਨਕ ਬੰਦ ਕਰਨ ਦੇ ਐਲਾਨ ਤੋਂ ਬਾਅਦ ਉਸ ਦੇ ਜਹਾਜ਼ਾਂ ਸੀ-17 ਅਤੇ ਸੀ-130 ਜੇ ਸੁਪਰ ਹਰਕਿਊਲਸ ਨੇ ਸਕਿਓਰਟੀ ਪ੍ਰਿੰਟਿੰਗ ਪ੍ਰੈੱਸ ਅਤੇ ਟਕਸਾਲਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਨੋਟਾਂ ਦੀ ਢੁਆਈ ਕਰਨ ਲਈ 91 ਚੱਕਰ ਲਗਾਏ। ਆਰਬੀਆਈ ਅਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਅੱਠ ਨਵੰਬਰ 2016 ਤਕ 500 ਦੇ 1716.5 ਕਰੋੜ ਨੋਟ ਸਨ ਅਤੇ 1000 ਰੁਪਏ ਦੇ 685.8 ਕਰੋੜ ਨੋਟ ਸਨ। ਇਸ ਤਰ੍ਹਾਂ ਇਨ੍ਹਾਂ ਨੋਟਾਂ ਦਾ ਕੁੱਲ ਮੁੱਲ 15.44 ਲੱਖ ਕਰੋੜ ਰੁਪਏ ਸੀ

ਜੋ ਉਸ ਸਮੇਂ ਰੁਝਾਨ ਵਿਚ ਮੌਜੂਦ ਕੁੱਲ ਮੁਦਰਾ ਦਾ ਲਗਭਗ 86 ਫ਼ੀਸਦੀ ਸੀ। ਸੇਵਾਮੁਕਤ ਕੋਮੋਡੋਰ ਲੋਕੇਸ਼ ਬਤਰਾ ਦੀ ਆਰਟੀਆਈ ਦੇ ਜਵਾਬ ਵਿਚ ਹਵਾਈ ਫ਼ੌਜ ਨੇ ਕਿਹਾ ਕਿ ਉਸ ਨੇ ਸਰਕਾਰੀ ਮਾਲਕੀ ਵਾਲੇ ਸਕਿਓਰਟੀ ਪ੍ਰਿੰਟਿੰਗ ਐਂਡ ਮੀਟਿੰਗ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਭਾਰਤੀ ਰਿਜ਼ਰਵ ਬੈਂਕ ਨੋਟ ਪ੍ਰਿਟਿੰਗ ਪ੍ਰਾਈਵੇਟ ਲਿਮਟਿਡ ਨੂੰ ਅਪਣੀਆਂ ਸੇਵਾਵਾਂ ਦੇ ਬਦਲੇ ਵਿਚ 29.41 ਕਰੋੜ ਰੁਪਏ ਦਾ ਬਿਲ ਸੌਂਪਿਆ ਹੈ। ਬਤਰਾ ਨੇ ਕਿਹਾ ਕਿ ਮੇਰੀ ਰਾਇ ਹੈ ਕਿ ਸਰਕਾਰ ਨੂੰ ਰੱਖਿਆ ਵਾਹਨਾਂ ਦੀ ਵਰਤੋਂ ਕਰਨ ਵਰਤੋਂ ਤੋਂ ਬਚਣਾ ਚਾਹੀਦਾ ਸੀ ਅਤੇ ਇਸ ਦੀ ਜਗ੍ਹਾ ਗ਼ੈਰ ਫ਼ੌਜੀ ਜਹਾਜ਼ਾਂ ਦੀਆਂ ਸੇਵਾਵਾਂ ਆਸਾਨੀ ਨਾਲ ਲਈਆਂ ਜਾ ਸਕਦੀਆਂ ਸਨ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੋਟਬੰਦੀ ਦਾ ਐਲਾਨ ਕਰਨ ਤੋਂ ਪਹਿਲਾਂ ਖ਼ੁਦ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਹੁੰਦਾ ਤਾਂ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਿਆ ਜਾ ਸਕਦਾ ਸੀ। 
ਨੋਟਬੰਦੀ ਤੋਂ ਬਾਅਦ ਸਰਕਾਰ ਨੇ 2016-17 ਵਿਚ 500 ਅਤੇ 2000 ਰੁਪਏ ਅਤੇ ਹੋਰ ਮੁੱਲ ਦੇ ਨਵੇਂ ਨੋਟਾਂ ਦੀ ਛਪਾਈ 7965 ਕਰੋੜ ਰੁਪਏ ਖ਼ਰਚ ਕੀਤੇ ਸਨ। ਇਸ ਮੱਦ ਵਿਚ ਪਿਛਲੇ ਸਾਲ ਵਿਚ ਖ਼ਰਚ ਕੀਤੀ ਗਈ 3421 ਕਰੋੜ ਰੁਪਏ ਦੀ ਰਕਮ ਦੀ ਤੁਲਨਾ ਵਿਚ ਇਹ ਦੁੱਗਣੀ ਰਾਸ਼ੀ ਸੀ।