ਤਿੰਨ ਦੋਸ਼ੀਆਂ ਦੀ ਮੁੜ ਵਿਚਾਰ ਅਪੀਲ ਸਿਖਰਲੀ ਅਦਾਲਤ ਨੇ ਖ਼ਾਰਜ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਦਸੰਬਰ, 2012 ਦੇ ਸਨਸਨੀਖੇਜ਼ ਨਿਰਭੈ ਸਮੂਹਕ ਬਲਾਤਕਾਰ ਕਾਂਡ ਅਤੇ ਕਤਲ ਦੇ ਮਾਮਲੇ 'ਚ ਫਾਂਸੀ ਦੇ ਫ਼ੰਦੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਤਿੰਨ ਦੋਸ਼ੀਆਂ.......

Nirbhaya's Mother showing a Victory sign after the Court's Decision

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਸੰਬਰ, 2012 ਦੇ ਸਨਸਨੀਖੇਜ਼ ਨਿਰਭੈ ਸਮੂਹਕ ਬਲਾਤਕਾਰ ਕਾਂਡ ਅਤੇ ਕਤਲ ਦੇ ਮਾਮਲੇ 'ਚ ਫਾਂਸੀ ਦੇ ਫ਼ੰਦੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਤਿੰਨ ਦੋਸ਼ੀਆਂ ਦੀਆਂ ਮੁੜਵਿਚਾਰ ਅਪੀਲਾਂ ਅੱਜ ਖ਼ਾਰਜ ਕਰ ਦਿਤੀਆਂ। ਸਿਖਰਲੀ ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਮੁੜਵਿਚਾਰ ਅਪੀਲ ਦਾ ਕੋਈ ਮਾਮਲਾ ਨਹੀਂ ਬਣਦਾ।  ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰ. ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਤਿੰਨ ਮੈਂਬਰੀ ਬੈਂਚ ਨੇ ਮੁਲਜ਼ਮ ਮੁਕੇਸ਼ (31), ਪਵਨ ਗੁਪਤਾ (24) ਅਤੇ ਵਿਨੈ ਵਰਮਾ (25) ਦੀਆਂ ਮੁੜਵਿਚਾਰ ਅਪੀਲਾਂ ਖ਼ਾਰਜ ਕਰਦਿਆਂ ਕਿਹਾ ਕਿ ਪੰਜ ਮਈ, 2017 ਦੇ

ਉਸ ਦੇ ਫ਼ੈਸਲੇ 'ਤੇ ਮੁੜਵਿਚਾਰ ਕਰਨ ਦਾ ਕੋਈ ਆਧਾਰ ਨਹੀਂ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਜਿਨ੍ਹਾਂ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਉਹ ਉਸ ਦੇ ਫ਼ੈਸਲੇ ਤੋਂ ਸਾਫ਼ ਤੌਰ 'ਤੇ ਕੋਈ ਵੀ ਤਰੁੱਟੀ ਸਾਹਮਣੇ ਰੱਖਣ 'ਚ ਅਸਫ਼ਲ ਰਹੇ ਹਨ। ਅਦਾਲਤ ਨੇ ਕਿਹਾ ਕਿ ਦਿੱਲੀ ਹਾਈ ਕੋਰਅ ਦੇ ਫ਼ੈਸਲੇ ਵਿਰੁਧ ਦਾਇਰ ਅਪੀਲ 'ਤੇ ਸੁਣਵਾਈ ਦੌਰਾਨ ਤਿੰਨਾਂ ਮੁਲਜ਼ਮਾਂ ਦਾ ਪੱਖ ਵਿਸਤਾਰ ਨਾਲ ਸੁਣਿਆ ਗਿਆ ਸੀ ਅਤੇ ਮੌਤ ਦੀ ਸਜ਼ਾ ਬਰਕਰਾਰ ਰੱਖਣ ਦੇ ਸਿਖਰਲੀ ਅਦਾਲਤ ਦੇ ਫ਼ੈਸਲੇ 'ਤੇ ਮੁੜਵਿਚਾਰ ਲਈ ਕੋਈ ਮਾਮਲਾ ਨਹੀਂ ਬਣਦਾ। ਇਸ ਮਾਮਲੇ 'ਚ ਚੌਥੇ ਮੁਜਰਮ ਅਕਸ਼ੈ ਕੁਮਾਰ ਸਿੰਘ (33) ਨੇ ਮੌਤ ਦੀ ਸਜ਼ਾ ਦੇ ਫ਼ੈਸਲੇ 'ਤੇ ਮੁੜਵਿਚਾਰ ਲਈ ਅਪੀਲ

ਦਾਇਰ ਨਹੀਂ ਕੀਤੀ ਸੀ। ਰਾਜਧਾਨੀ 'ਚ 16 ਦਸੰਬਰ, 2012 ਨੂੰ ਹੋਏ ਇਸ ਅਪਰਾਧ ਲਈ ਹੇਠਲੀ ਅਦਾਲਤ ਨੇ 12 ਸਤੰਬਰ, 2013 ਨੂੰ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਅਪਰਾਧ 'ਚ ਇਕ ਮੁਲਜ਼ਮ ਰਾਮ ਸਿੰਘ ਨੇ ਮੁਕੱਦਮਾ ਚੱਲਣ ਦੌਰਾਨ ਜੇਲ 'ਚ ਹੀ ਖ਼ੁਦਕੁਸ਼ੀ ਕਰ ਲਈ ਸੀ, ਜਦਕਿ ਛੇਵਾਂ ਦੋਸ਼ੀ ਇਕ ਨਾਬਾਲਗ਼ ਸੀ। 

ਦਿੱਲੀ ਹਾਈ ਕੋਰਟ ਨੇ 13 ਮਾਰਚ, 2014 ਨੂੰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਦੀ ਪੁਸ਼ਟੀ ਕਰ ਦਿਤੀ ਸੀ। ਇਸ ਤੋਂ ਬਾਅਦ ਦੋਸ਼ੀਆਂ ਨੇ ਸਿਖਰਲੀ ਅਦਾਲਤ 'ਚ ਅਪੀਲ ਦਾਇਰ ਕੀਤੀ ਸੀ ਜਿਨ੍ਹਾਂ 'ਤੇ ਅਦਾਲਤ ਨੇ ਪੰਜ ਮਈ, 2017 ਨੂੰ ਫ਼ੈਸਲਾ ਸੁਣਾਇਆ ਸੀ। ਮੁਲਜ਼ਮਾਂ 'ਚ ਸ਼ਾਮਲ ਨਾਬਾਲਗ਼ ਨੂੰ ਇਕ ਨਾਬਾਲਗ਼ ਨਿਆਂ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਸਾਲਾਂ ਬਾਅਦ ਸੁਧਾਰ ਘਰ ਤੋਂ ਰਿਹਾਅ ਕਰ ਦਿਤਾ ਗਿਆ ਸੀ।  (ਪੀਟੀਆਈ)