ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿਚ 93 ਅਤਿਵਾਦੀ ਮਾਰੇ ਗਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਤਿਵਾਦੀ ਘਟਨਾਵਾਂ ਵਿਚ 28 ਫ਼ੀ ਸਦੀ ਦੀ ਆਈ ਗਿਰਾਵਟ 

Infiltration drops by 45% after Balakot strike: Government

ਨਵੀਂ ਦਿੱਲੀ : ਫ਼ਰਵਰੀ ਵਿਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਹੁਣ ਤਕ ਸੁਰੱਖਿਆ ਬਲਾਂ ਨੇ 93 ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈਡੀ ਨੇ ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਦਿਤੀ। ਇਸ ਸਾਲ ਦੇ ਸ਼ੁਰੂਆਤੀ ਛੇ ਮਹੀਨੇ ਵਿਚ ਪਿਛਲੇ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਦੇ ਮੁਕਾਬਲੇ ਸੂਬੇ ਵਿਚ ਅਤਿਵਾਦੀ ਘਟਨਾਵਾਂ ਵਿਚ 28 ਫ਼ੀ ਸਦੀ ਦੀ ਗਿਰਾਵਟ ਆਈ ਹੈ। ਘੁਸਪੈਠ ਦੀਆਂ ਘਟਨਾਵਾਂ ਵੀ 45 ਫ਼ੀ ਸਦੀ ਤਕ ਘਟੀਆਂ ਹਨ ਅਤੇ ਅਤਿਵਾਦੀਆਂ ਦੇ ਮਾਰੇ ਜਾਣ ਵਿਚ ਲਗਭਗ 22 ਫ਼ੀ ਸਦੀ ਦਾ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਹੁਣ ਤਕ 93 ਅਤਿਵਾਦੀ ਮਾਰੇ ਗਏ ਹਨ। ਪੁਲਵਾਮਾ ਹਮਲੇ ਦੀ ਜਾਂਚ ਐਨਆਈਏ ਨੇ ਕੀਤੀ ਹੈ। ਹਮਲੇ ਦੇ ਸਾਜ਼ਸ਼ਘਾੜਿਆਂ, ਆਤਮਘਾਤੀ ਹਮਲਾਵਰਾਂ ਅਤੇ ਵਾਹਨ ਉਪਲਬਧ ਕਰਾਉਣ ਵਾਲਿਆਂ ਦੀ ਪਛਾਣ ਹੋ ਗਈ ਹੈ। ਜ਼ਮੀਨੀ ਪੱਧਰ 'ਤੇ ਚਲਾਈਆਂ ਗਈਆਂ ਮੁਹਿੰਮਾਂ ਕਾਰਨ ਹੀ ਸਾਜ਼ਸ਼ਘਾੜੇ, ਉਸ ਦੇ ਸਹਿਯੋਗੀ ਅਤੇ ਵਾਹਨ ਦਾ ਮਾਲਕ ਮਾਰਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਇਸ ਸਾਲ 24 ਫ਼ਰਵਰੀ ਨੂੰ ਪੁਲਵਾਮਾ ਵਿਚ ਸੀਆਰਪੀਐਫ਼ ਦੇ ਕਾਫ਼ਲੇ 'ਤੇ ਇਕ ਆਤਮਘਾਤੀ ਹਮਲਾ ਹੋਇਆ ਸੀ ਜਿਸ ਵਿਚ ਲਗਭਗ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਲਈ ਸੀ ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਾਲੇ ਕਾਫ਼ੀ ਤਣਾਅ ਆ ਗਿਆ ਸੀ। ਇਸ ਹਮਲੇ ਤੋਂ ਬਾਅਦ ਭਾਰਤ ਨੇ ਜੈਸ਼ ਦੇ ਪਾਕਿ ਸਥਿਤ ਕਈ ਟਿਕਾਣਿਆਂ ਨੂੰ ਤਬਾਹ ਕਰ ਦਿਤਾ ਸੀ। 

ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਅਤਿਵਾਦ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਹੋਈ ਹੈ। ਸੁਰੱਖਿਆ ਬਲਾਂ ਦੀਆਂ ਲਗਾਤਾਰ ਕੋਸ਼ਿਸਾਂ ਸਦਕਾ ਹੀ ਇਸ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਵਿਚ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ।