ਯੂਨੀਵਰਸਟੀ 'ਚ ਪੜ੍ਹਾਇਆ ਜਾਵੇਗਾ ਆਰ.ਐਸ.ਐਸ. ਦਾ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦਾ ਇਤਿਹਾਸ ਅਤੇ 'ਦੇਸ਼ ਉਸਾਰੀ' 'ਚ ਉਸ ਦੀ ਭੂਮਿਕਾ ਨੂੰ ਨਾਗਪੁਰ ਸਥਿਤ ਇਕ ਯੂਨੀਵਰਸਟੀ ਦੇ ਪਾਠਕ੍ਰਮ 'ਚ ਸ਼ਾਮਲ ਕੀਤਾ ਗਿਆ ਹੈ।

Rashtriya Swayamsevak Sangh

ਨਾਗਪੁਰ: ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦਾ ਇਤਿਹਾਸ ਅਤੇ 'ਦੇਸ਼ ਉਸਾਰੀ' 'ਚ ਉਸ ਦੀ ਭੂਮਿਕਾ ਨੂੰ ਨਾਗਪੁਰ ਸਥਿਤ ਇਕ ਯੂਨੀਵਰਸਟੀ ਦੇ ਪਾਠਕ੍ਰਮ 'ਚ ਸ਼ਾਮਲ ਕੀਤਾ ਗਿਆ ਹੈ। ਆਰ.ਐਸ.ਐਸ. ਦਾ ਮੁੱਖ ਦਫ਼ਤਰ ਵੀ ਇਸੇ ਸ਼ਹਿਰ 'ਚ ਹੈ। ਰਾਸ਼ਟਰਸੰਤ ਤੁਕਡੋਜੀ ਮਹਾਰਾਜ ਨਾਗਪੁਰ ਵਿਸ਼ਵਵਿਦਿਆਲਾ ਨੇ ਬੀ.ਏ. (ਇਤਿਹਾਸ) ਦੇ ਦੂਜੇ ਸਾਲ ਦੇ ਪਾਠਕ੍ਰਮ 'ਚ ਆਰ.ਐਸ.ਐਸ. ਦੇ ਇਤਿਹਾਸ ਨੂੰ ਸ਼ਾਮਲ ਕੀਤਾ ਹੈ।

ਘਟਨਾਕ੍ਰਮ ਨਾਲ ਨੇੜਿਉਂ ਜੁੜੇ ਇਕ ਸੂਤਰ ਨੇ ਕਿਹਾ ਕਿ ਇਹ ਕਦਮ ਇਤਿਹਾਸ 'ਚ 'ਨਵੀਂ ਵਿਚਾਰਧਾਰਾ' ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਯੂਨੀਵਰਸਟੀ ਅਧਿਐਨ ਬੋਰਡ ਦੇ ਮੈਂਬਰ ਸਤੀਸ਼ ਚੈਫ਼ਲ ਨੇ ਕਿਹਾ ਕਿ 2003-2004 'ਚ ਯੂਨੀਵਰਸਟੀ ਦੇ ਐਮ.ਏ. (ਇਤਿਹਾਸ) 'ਚ ਇਕ ਪਾਠ 'ਆਰ.ਐਸ.ਐਸ. ਦੀ ਜਾਣ-ਪਛਾਣ' ਸੀ।

ਉਨ੍ਹਾਂ ਕਿਹਾ, ''ਇਸ ਸਾਲ ਅਸੀਂ ਇਤਿਹਾਸ ਦੇ ਵਿਦਿਆਰਥੀਆਂ ਲਈ ਦੇਸ਼ ਦੀ ਉਸਾਰੀ 'ਚ ਆਰ.ਐਸ.ਐਸ. ਦੇ ਯੋਗਦਾਨ ਦਾ ਪਾਠ ਰਖਿਆ ਹੈ ਜਿਸ ਨਾਲ ਉਹ ਇਤਿਹਾਸ 'ਚ ਨਵੀਂ ਵਿਚਾਰਧਾਰਾ ਬਾਰੇ ਜਾਣ ਸਕਣਗੇ।'' ਯੂਨੀਵਰਸਟੀ ਦੇ ਕਦਮ ਨੂੰ ਸਹੀ ਠਹਿਰਾਉਂਦਿਆਂ ਚੈਫ਼ਲ ਨੇ ਕਿਹਾ ਕਿ ਇਤਿਹਾਸ ਦੇ ਮੁੜ ਲਿਖਣ ਨਾਲ ਸਮਾਜ ਸਾਹਮਣੇ ਨਵੇਂ ਤੱਥ ਆਉਂਦੇ ਹਨ।