ਵਿਕਾਸ ਦੁਬੇ ਦੇ ਨਾਲ ਹੀ ਦਫ਼ਨ ਹੋ ਗਏ ਕਈ ਸਫੇਦਪੋਸ਼ਾਂ ਦੇ ਗੁੱਝੇ ਭੇਦ ਪਰ ਹਾਲੇ ਵੀ...

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਨਪੁਰ ਗੋਲੀਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਦਾ ਸ਼ੁੱਕਰਵਾਰ ਸਵੇਰ ਨੂੰ ਪੁਲਿਸ ਦੀ ਹਿਰਾਸਤ ਵਿਚ ਐਨਕਾਂਊਟਰ ਕੀਤਾ ਗਿਆ।

Vikas Dubey

ਨਵੀਂ ਦਿੱਲੀ: ਕਾਨਪੁਰ ਗੋਲੀਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੁਬੇ ਦਾ ਸ਼ੁੱਕਰਵਾਰ ਸਵੇਰ ਨੂੰ ਪੁਲਿਸ ਦੀ ਹਿਰਾਸਤ ਵਿਚ ਐਨਕਾਂਊਟਰ ਕੀਤਾ ਗਿਆ। ਊਜੈਨ ਤੋਂ ਕਾਨਪੁਰ ਲਿਜਾਉਂਦੇ ਹੋਏ ਉਸ ਦਾ ਐਨਕਾਂਊਟਰ ਹੋਇਆ ਹੈ। ਉਸ ਨੂੰ ਲਾਲਾ ਲਾਜਪਤ ਰਾਏ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਐਨਕਾਂਊਟਰ ਵਿਚ ਗੰਭੀਰ ਰੂਪ ਤੋਂ ਜ਼ਖਮੀ ਹੋਏ ਵਿਕਾਸ ਦੁਬੇ ਦੀ ਮੌਤ ਹੋ ਗਈ। ਦਰਅਸਲ ਵਿਕਾਸ ਨੂੰ ਕਾਨਪੁਰ ਲਿਜਾ ਰਹੀਆਂ ਐਸਟੀਐਫ ਦੇ ਕਾਫਲੇ ਦੀਆਂ ਗੱਡੀਆਂ ਅੱਜ ਸਵੇਰੇ ਹਾਦਸਾਗ੍ਰਸਤ ਹੋ ਗਈਆਂ। ਹਾਦਸਾ ਕਾਨਪੁਰ ਟੋਲ ਪਲਾਜ਼ਾ ਤੋਂ 25 ਕਿਲੋਮੀਟਰ ਦੂਰ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਗੱਡੀ ਹਾਦਸਾਗ੍ਰਸਤ ਹੋਈ ਤਾਂ ਉਸ ਸਮੇਂ ਵਿਕਾਸ ਦੁਬੇ ਨੇ ਪੁਲਿਸ ਕੋਲੋਂ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਮੰਨਿਆ ਜਾ ਰਿਹਾ ਸੀ ਕਿ ਵਿਕਾਸ ਦੁਬੇ ਦੇ ਗ੍ਰਿਫਤਾਰ ਹੋਣ ਨਾਲ ਕਈ ਵੱਡੇ ਸਫੇਦਪੋਸ਼ਾਂ ਦਾ ਖੁਲਾਸਾ ਹੋ ਸਕਦਾ ਸੀ ਕਿਉਂਕਿ ਵਿਕਾਸ ਦੇ ਸਬੰਧ ਸਿਆਸਤਦਾਨਾਂ ਅਤੇ ਪੁਲਿਸ ਵਿਭਾਗ ਦੇ ਕਈ ਮਸ਼ਹੂਰ ਲੋਕਾਂ ਨਾਲ ਸਨ। ਦੱਸ ਦਈਏ ਕਿ ਪਿਛਲੇ 7 ਦਿਨਾਂ ਤੋਂ ਵਿਕਾਸ ਦੁਬੇ ਅਪਣੇ ਨਾਲ ਇਕ ਬੈਗ ਲੈ ਕੇ ਘੁੰਮਦਾ ਰਿਹਾ।

ਸੂਤਰਾਂ ਅਨੁਸਾਰ ਇਸ ਬੈਗ ਵਿਚ ਕੁਝ ਕੱਪੜੇ, ਮੋਬਾਇਲ ਅਤੇ ਉਸ ਦੇ ਚਾਰਜਰ ਸਮੇਤ ਕੁਝ ਕਾਗਜ਼ ਵੀ ਮਿਲੇ ਹਨ। ਇਸੇ ਫੋਨ ਦੇ ਜ਼ਰੀਏ ਵਿਕਾਸ ਲਗਾਤਾਰ ਲੋਕਾਂ ਨਾਲ ਸੰਪਰਕ ਕਰਦਾ ਸੀ। ਇਸ ਤੋਂ ਇਲਾਵਾ ਬੈਗ ਵਿਚੋਂ ਵਿਕਾਸ ਦਾ ਫਰਜ਼ੀ ਆਈਕਾਰਡ ਵੀ ਬਰਾਮਦ ਕੀਤਾ ਗਿਆ।

ਜਿਸ ਤਰ੍ਹਾਂ ਵਿਕਾਸ ਦੁਬੇ ਨੇ ਵੱਡੇ ਹੀ ਸ਼ਾਤਰ ਤਰੀਕੇ ਨਾਲ ਲੋਕੇਸ਼ਨ ਬਦਲੀ ਸੀ, ਇਸ ਨਾਲ ਸ਼ੱਕ ਹੁੰਦਾ ਹੈ ਕਿ ਉਸ ਦੀ ਸਾਜ਼ਿਸ਼ ਦੌਰਾਨ ਕਈ ਲੋਕ ਉਸ ਦਾ ਸਾਥ ਦੇ ਰਹੇ ਸੀ। ਚੌਬੇਪੁਰ ਕਾਂਡ ਵਿਚ ਪੁਲਿਸ ਦੀ ਮਿਲੀਭੁਗਤ ਦੇ ਸਬੂਤ ਪਹਿਲੇ ਹੀ ਮਿਲ ਚੁੱਕੇ ਹਨ। ਇਲਾਕੇ ਦੇ ਥਾਣੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ 2 ਜੁਲਾਈ ਦੀ ਰਾਤ ਨੂੰ ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਪੁਲਿਸ ਦੀ ਇਕ ਟੀਮ ‘ਤੇ ਬਦਮਾਸ਼ਾਂ ਨੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਥਾਣਾ ਮੁਖੀ ਸਮੇਤ 8 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸੀ। ਪੁਲਿਸ ਦੀ ਇਹ ਟੀਮ ਹਿਸਟਰੀਸ਼ੀਟਰ ਵਿਕਾਸ ਦੂਬੇ ਨੂੰ ਫੜਨ ਗਈ ਸੀ। ਇਸ ਤੋਂ ਬਾਅਦ ਮਾਮਲੇ ਦੀ ਫੋਰੈਂਸਿਕ ਟੀਮ ਨੇ ਚ ਸ਼ੁਰੂ ਕਰ ਦਿੱਤੀ ਸੀ।