ਸਰਕਾਰ ਵੱਲੋਂ ਪਲਾਸਟਿਕ ਦੇ ਕੂੜੇ ਨਾਲ ਬਣਾਈਆਂ ਗਈਆਂ ਘੱਟ ਲਾਗਤ ਵਾਲੀਆਂ 1 ਲੱਖ ਕਿਲੋਮੀਟਰ ਸੜਕਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਦਾ ਸੜਕ ਨਿਰਮਾਣ ਵਿਚ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਨ ਦਾ ਪਰੀਖਣ ਸਫਲ ਰਿਹਾ ਹੈ

Plastic Road

ਨਵੀਂ ਦਿੱਲੀ: ਕੇਂਦਰ ਸਰਕਾਰ ਦਾ ਸੜਕ ਨਿਰਮਾਣ ਵਿਚ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਨ ਦਾ ਪਰੀਖਣ ਸਫਲ ਰਿਹਾ ਹੈ। ਵੱਖ-ਵੱਖ ਸੜਕ ਨਿਰਮਾਣ ਏਜੰਸੀਆਂ ਨੇ ਹੁਣ ਤੱਕ ਇਕ ਲੱਖ ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਪਲਾਸਟਿਕ ਦੇ ਕੂੜੇ ਨਾਲ ਬਣਾਈਆਂ ਹਨ। ਇਹ ਜ਼ਿਆਦਾ ਹੰਢਣਸਾਰ ਅਤੇ ਸਸਤੀਆਂ ਹਨ।

ਦਹਾਕਿਆਂ ਬਾਅਦ ਪਲਾਸਟਿਕ ਦੇ ਕੂੜੇ ਦਾ ਨਿਪਟਾਰਾ ਕਰਨ ਦਾ ਰਾਸਤਾ ਮਿਲ ਗਿਆ ਹੈ। ਇਸ ਨਾਲ ਵਾਤਾਵਰਣ ਨੂੰ ਪਲਾਸਟਿਕ ਨਾਲ ਪਹੁੰਚ ਰਹੇ ਨੁਕਸਾਨ ਵਿਚ ਘਾਟਾ ਹੋਵੇਗਾ। ਜੁਲਾਈ 2016 ਵਿਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੜਕ ਨਿਰਮਾਣ ਵਿਚ ਠੋਸ ਅਤੇ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਨ ਦਾ ਐਲਾਨ ਕੀਤਾ ਸੀ।

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਦੇ ਤਹਿਤ 10 ਕਿਲੋਮੀਟਰ ਨੈਸ਼ਨਲ ਹਾਈਵੇਅ ਵਿਚ 10 ਫੀਸਦੀ ਪਲਾਸਟਿਕ ਦੇ ਕੂੜੇ ਦੀ ਵਰਤੋਂ ਕੀਤੀ ਗਈ। ਜਨਵਰੀ 2017 ਵਿਚ ਸੈਂਟਰ ਰੋਡ ਰਿਸਰਚ ਇੰਸਟੀਚਿਊਟ (ਸੀਆਰਆਰਆਈ) ਵੱਲੋਂ ਕੁਆਲਟੀ ਅਤੇ ਸਮਰੱਥਾ ਦੇ ਅਧਿਐਨ ਤੋਂ ਬਾਅਦ, ਰਾਸ਼ਟਰੀ ਰਾਜਮਾਰਗਾਂ, ਰਾਜ ਮਾਰਗਾਂ, ਜ਼ਿਲ੍ਹਾ ਸੜਕਾਂ, ਮਿਊਂਸੀਪਲ ਕਾਰਪੋਰੇਸ਼ਨਾਂ, ਮਿਊਂਸੀਪਲ ਬਾਡੀਜ਼ ਆਦਿ ਦੀਆਂ ਸੜਕਾਂ ਦੇ ਨਿਰਮਾਣ ਵਿਚ 10% ਪਲਾਸਟਿਕ ਕੂੜੇ ਦੀ ਵਰਤੋਂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।

ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੇ 11 ਸੂਬਿਆਂ ਵਿਚ ਇਕ ਲੱਖ ਕਿਲੋਮੀਟਰ ਸੜਕਾਂ ਬਣ ਚੁੱਕੀਆਂ ਹਨ ਅਤੇ ਚਾਲੂ ਵਿੱਤੀ ਵਰ੍ਹੇ ਵਿਚ ਇਹ ਅੰਕੜਾ ਦੁੱਗਣਾ ਵਧੇਗਾ। ਅਸਮ ਵਿਚ ਇਸ ਸਾਲ ਪਹਿਲੀ ਵਾਰ ਰਾਸ਼ਟਰੀ ਰਾਜਮਾਰਗਾਂ ਵਿਚ ਪਲਾਸਟਿਕ ਦੇ ਕੂੜੇ ਦੀ ਵਰਤੋਂ ਹੋਈ ਹੈ। ਇੰਡੀਅਨ ਰੋਡ ਕਾਂਗਰਸ ਨੇ ਕੋਡ ਆਫ ਪਲਾਸਟਿਕ ਦੇ ਨਵੇਂ ਮਾਨਕ 2013 ਵਿਚ ਤਿਆਰ ਕੀਤੇ ਸੀ।

ਪਲਾਸਟਿਕ ਕੂੜੇ ਨੂੰ ਸੜਕ ਨਿਰਮਾਣ ਵਿਚ ਵਰਤਣ ਦਾ ਇਹ ਵਿਸ਼ਵ ਦਾ ਪਹਿਲਾ ਕੋਡ ਆਫ ਪਲਾਸਟਿਕ ਹੈ। 260 ਕਿਲੋਮੀਟਰ ਲੰਬੇ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਵਿਚ ਪਲਾਸਟਿਕ ਦਾ ਕੂੜਾ ਮਿਲਾਇਆ ਗਿਆ। ਨੋਇਡਾ ਸੈਕਟਰ 14ਏ ਵਿਚ ਮਹਾਮਾਇਆ ਫਲਾਈਓਵਰ ਤੱਕ ਸੜਕ ਨਿਰਮਾਣ ਵਿਚ ਛੇ ਟਨ ਪਲਾਸਟਿਕ ਦਾ ਕੂੜਾ ਲੱਗਿਆ। ਦਿੱਲੀ-ਮੇਰਠ ਐਕਸਪ੍ਰੈਸ ਵੇਅ ਦੇ ਯੂਪੀ ਗੇਟ ਕੋਲ ਦੋ ਕਿਲੋਮੀਟਰ ਸੜਕ ਲਈ 1.6ਟਨ ਪਲਾਸਟਿਕ ਦਾ ਕੂੜਾ ਲੱਗਿਆ।