ਵਿਕਾਸ ਦੁਬੇ ਦੇ ਐਨਕਾਂਊਟਰ ‘ਤੇ ਬੋਲੇ ਰਾਹੁਲ, ਕਈ ਜਵਾਬਾਂ ਤੋਂ ਚੰਗੀ ਹੈ ਚੁੱਪੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਕਾਸ ਦੁਬੇ ਦੇ ਐਨਕਾਂਊਟਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ।

Rahul Gandhi

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਕਾਸ ਦੁਬੇ ਦੇ ਐਨਕਾਂਊਟਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਰਾਹੁਲ ਗਾਂਧੀ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਵਿਕਾਸ ਦੇ ਮਾਰੇ ਜਾਣ ਨਾਲ ਕਿੰਨੇ ਸਵਾਲਾਂ ਦੀ ਇੱਜ਼ਤ ਬਚ ਗਈ ਹੈ। ਵਿਕਾਸ ਦੇ ਐਨਕਾਊਂਟਰ ‘ਤੇ ਰਾਹੁਲ ਗਾਂਧੀ ਨੇ ਲਿਖਿਆ, ‘ਕਈ ਜਵਾਬਾਂ ਤੋਂ ਚੰਗੀ ਹੈ ਖ਼ਾਮੋਸ਼ੀ ਉਸ ਦੀ, ਨਾ ਜਾਣੇ ਕਿੰਨੇ ਸਵਾਲਾਂ ਦੀ ਆਬਰੂ ਰੱਖ ਲਈ’।

ਦੱਸ ਦਈਏ ਕਿ ਸ਼ੁੱਕਰਵਾਰ ਸਵੇਰ ਨੂੰ ਕਾਨਪੁਰ ਵਿਖੇ ਗੈਂਗਸਟਰ ਵਿਕਾਸ ਦੁਬੇ ਦਾ ਪੁਲਿਸ ਨੇ ਐਨਕਾਂਊਟਰ ਕੀਤਾ ਸੀ। ਪੁਲਿਸ ਅਨੁਸਾਰ ਉਜੈਨ ਤੋਂ ਕਾਨਪੁਰ ਲਿਜਾਉਂਦੇ ਹੋਏ ਸੜਕ ਹਾਦਸੇ ਵਿਚ ਇਕ ਪੁਲਿਸ ਵਾਹਨ ਦੇ ਪਲਟ ਜਾਣ ਤੋਂ ਬਾਅਦ ਵਿਕਾਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਇੰਸਪੈਕਟਰ ਜਨਰਲ ਮੋਹਿਤ ਅਗਰਵਾਲ ਨੇ ਦੱਸਿਆ ਕਿ ਸੜਕ ਹਾਦਸੇ ਤੋਂ ਬਾਅਦ ਵਿਕਾਸ ਦੁਬੇ ਨੇ ਮੌਕੇ ‘ਤੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹੋਈ ਮੁੱਠਭੇੜ ਵਿਚ ਉਹ ਮਾਰਿਆ ਗਿਆ।

ਉੱਥੇ ਹੀ ਪੁਲਿਸ ਦੇ ਚਾਰ ਕਰਮਚਾਰੀ ਵੀ ਜ਼ਖਮੀ ਹੋ ਗਏ। ਇਸ ਐਨਕਾਂਊਟਰ ‘ਤੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਵੀ ਟਵੀਟ ਕੀਤਾ ਹੈ। ਪ੍ਰਿਯੰਕਾ ਨੇ ਸੂਬਾ ਸਰਕਾਰ ਅਤੇ ਭਾਜਪਾ ‘ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ, ‘ਅਪਰਾਧੀ ਦਾ ਅੰਤ ਹੋ ਗਿਆ, ਅਪਰਾਧ ਅਤੇ ਉਸ ਨੂੰ ਸੁਰੱਖਿਆ ਦੇਣ ਵਾਲੇ ਲੋਕਾਂ ਦਾ ਕੀ?’

ਮੰਨਿਆ ਜਾ ਰਿਹਾ ਸੀ ਕਿ ਵਿਕਾਸ ਦੁਬੇ ਦੇ ਗ੍ਰਿਫਤਾਰ ਹੋਣ ਨਾਲ ਕਈ ਵੱਡੇ ਸਫੇਦਪੋਸ਼ਾਂ ਦਾ ਖੁਲਾਸਾ ਹੋ ਸਕਦਾ ਸੀ ਕਿਉਂਕਿ ਵਿਕਾਸ ਦੇ ਸਬੰਧ ਸਿਆਸਤਦਾਨਾਂ ਅਤੇ ਪੁਲਿਸ ਵਿਭਾਗ ਦੇ ਕਈ ਮਸ਼ਹੂਰ ਲੋਕਾਂ ਨਾਲ ਸਨ। ਦੱਸ ਦਈਏ ਕਿ ਪਿਛਲੇ 7 ਦਿਨਾਂ ਤੋਂ ਵਿਕਾਸ ਦੁਬੇ ਅਪਣੇ ਨਾਲ ਇਕ ਬੈਗ ਲੈ ਕੇ ਘੁੰਮਦਾ ਰਿਹਾ।

ਸੂਤਰਾਂ ਅਨੁਸਾਰ ਇਸ ਬੈਗ ਵਿਚ ਕੁਝ ਕੱਪੜੇ, ਮੋਬਾਇਲ ਅਤੇ ਉਸ ਦੇ ਚਾਰਜਰ ਸਮੇਤ ਕੁਝ ਕਾਗਜ਼ ਵੀ ਮਿਲੇ ਹਨ। ਇਸੇ ਫੋਨ ਦੇ ਜ਼ਰੀਏ ਵਿਕਾਸ ਲਗਾਤਾਰ ਲੋਕਾਂ ਨਾਲ ਸੰਪਰਕ ਕਰਦਾ ਸੀ। ਇਸ ਤੋਂ ਇਲਾਵਾ ਬੈਗ ਵਿਚੋਂ ਵਿਕਾਸ ਦਾ ਫਰਜ਼ੀ ਆਈਕਾਰਡ ਵੀ ਬਰਾਮਦ ਕੀਤਾ ਗਿਆ।