ਰਾਜ ਸਭਾ ਦੇ ਉਪ ਸਭਾਪਤੀ ਦੀ ਚੋਣ ਹਰੀਵੰਸ਼ ਜਿੱਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੱਤਾਧਿਰ ਐਨਡੀਏ ਦੇ ਉਮੀਦਵਾਰ ਅਤੇ ਜੇਡੀਯੂ ਦੇ ਮੈਂਬਰ ਹਰੀਵੰਸ਼ ਨੂੰ ਰਾਜ ਸਭਾ ਦਾ ਡਿਪਟੀ ਚੇਅਰਮੈਨ ਚੁਣ ਲਿਆ ਗਿਆ..............

After winning, Harivansh and NDA Leader

ਨਵੀਂ ਦਿੱਲੀ : ਸੱਤਾਧਿਰ ਐਨਡੀਏ ਦੇ ਉਮੀਦਵਾਰ ਅਤੇ ਜੇਡੀਯੂ ਦੇ ਮੈਂਬਰ ਹਰੀਵੰਸ਼ ਨੂੰ ਰਾਜ ਸਭਾ ਦਾ ਡਿਪਟੀ ਚੇਅਰਮੈਨ ਚੁਣ ਲਿਆ ਗਿਆ। ਉਨ੍ਹਾਂ ਨੂੰ 125 ਵੋਟਾਂ ਜਦਕਿ ਵਿਰੋਧੀ ਉਮੀਦਵਾਰ ਬੀ ਕੇ ਹਰੀਪ੍ਰਸਾਦ ਨੂੰ 105 ਵੋਟਾਂ ਪਈਆਂ। ਡਿਪਟੀ ਚੇਅਰਮੈਨ ਦਾ ਅਹੁਦਾ ਪੀ ਜੇ ਕੁਰੀਅਨ ਦੀ 1 ਜੁਲਾਈ ਨੂੰ ਸੇਵਾਮੁਕਤੀ ਮਗਰੋਂ ਖ਼ਾਲੀ ਹੋ ਗਿਆ ਸੀ। ਡਿਪਟੀ ਚੇਅਰਮੈਨ ਅਹੁਦੇ 'ਤੇ ਭਾਜਪਾ ਦੀ ਜਿੱਤ ਨੂੰ ਵਿਰੋਧੀ ਧਿਰ ਦੀ ਏਕਤਾ ਲਈ ਝਟਕਾ ਅਤੇ ਐਨਡੀਏ ਲਈ ਹੱਲਾਸ਼ੇਰੀ ਮੰਨਿਆ ਜਾ ਰਿਹਾ ਹੈ। ਚੋਣ ਵਿਚ ਬੀਜੇਡੀ ਅਤੇ ਟੀਆਰਐਸ ਪਾਰਟੀਆਂ ਨੇ ਹਿੱਸਾ ਨਹੀਂ ਲਿਆ। ਪ੍ਰਧਾਨ ਮੰਤਰੀ ਨੇ ਬੀਜੇਡੀ ਦੇ ਮੁਖੀ ਨੂੰ ਫ਼ੋਨ ਵੀ ਕੀਤਾ ਸੀ।

ਇਨ੍ਹਾਂ ਦੋਹਾਂ ਪਾਰਟੀਆਂ ਨੂੰ ਵਿਰੋਧੀ ਧਿਰ ਦਾ ਹਿੱਸਾ ਮੰਨਿਆ ਜਾ ਰਿਹਾ ਸੀ ਪਰ ਦੋਹਾਂ ਪਾਰਟੀਆਂ ਨੇ ਐਨਡੀਏ ਦੇ ਹੱਕ ਵਿਚ ਭੁਗਤਦਿਆਂ ਚੋਣ ਵਿਚ ਹਿੱਸਾ ਨਹੀਂ ਲਿਆ। ਸਮੁੱਚੇ ਸਦਨ ਨੇ ਹਰੀਵੰਸ਼ ਨੂੰ ਵਧਾਈਆਂ ਦਿਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨੇਤਾ ਸਦਨ ਅਰੁਣ ਜੇਤਲੀ ਅਤੇ ਨੇਤਾ ਵਿਰੋਧੀ ਧਿਰ ਗ਼ੁਲਾਮ ਨਬੀ ਆਜ਼ਾਦ ਨੇ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ। ਹਰੀਵੰਸ਼ ਦਾ ਨਾਮ ਰਾਮ ਪ੍ਰਸਾਦ ਸਿੰਘ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੁਆਰਾ ਤਜਵੀਜ਼ ਕੀਤਾ ਗਿਆ ਸੀ। ਜੇਤਲੀ, ਸੰਸਦ ਮਾਮਲਿਆਂ ਦੇ ਮੰਤਰੀ ਅਨੰਥ ਕੁਮਾਰ ਅਤੇ ਕਾਂਗਰਸ ਆਗੂ ਅਜ਼ਾਦ ਨੇ ਹਰੀਵੰਸ਼ ਨੂੰ ਡਿਪਟੀ ਚੇਅਰਮੈਨ ਦੀ ਸੀਟ 'ਤੇ ਬਿਠਾਇਆ ਜੋ ਨੇਤਾ ਵਿਰੋਧੀ

ਧਿਰ ਦੀ ਸੀਟ ਲਾਗੇ ਹੁੰਦੀ ਹੈ। ਇਸ ਮੌਕੇ ਮੋਦੀ ਨੇ ਡਿਪਟੀ ਚੇਅਰਮੈਨ ਜਿਹੜੇ ਚਾਰ ਦਹਾਕਿਆਂ ਤਕ ਪੱਤਰਕਾਰ ਰਹੇ, ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। 
ਉਨ੍ਹਾਂ ਮਜ਼ਾਕ ਕਰਦਿਆਂ ਕਿਹਾ ਕਿ ਸਦਨ ਦੀ ਹਾਲਤ ਇਹ ਹੈ ਕਿ ਇਥੇ ਅੰਪਾਈਰ ਨੂੰ ਖਿਡਾਰੀਆਂ ਨਾਲੋਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਜ਼ਾਦ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਵੇਂ ਡਿਪਟੀ ਚੇਅਰਮੈਨ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਅਪਣੀ ਗੱਲ ਕਹਿਣ ਲਈ ਚੋਖੇ ਮੌਕੇ ਦੇਣਗੇ। ਉਨ੍ਹਾਂ ਕਿਹਾ ਕਿ ਹਰੀਵੰਸ਼ ਨੇ ਹਿੰਦੀ ਦੀ ਤਰੱਕੀ ਲਈ ਕਾਫ਼ੀ ਕੰਮ ਕੀਤਾ ਹੈ। ਹਰੀਵੰਸ਼ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ। (ਪੀਟੀਆਈ)