ਬੱਚਿਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਬੇਹੱਦ ਗੰਭੀਰ ਤੇ ਵਚਨਬੱਧ: ਅਰੁਨਾ ਚੌਧਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੇ ਨਿਰਦੇਸ਼ਾਂ ਉਤੇ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢਦਿਆਂ ਸੂਬੇ ਵਿੱਚ ਸਥਿਤ 67 ਬਾਲ ਸੰਭਾ...

Aruna Chaudhary

ਚੰਡੀਗੜ੍ਹ - ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੇ ਨਿਰਦੇਸ਼ਾਂ ਉਤੇ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢਦਿਆਂ ਸੂਬੇ ਵਿੱਚ ਸਥਿਤ 67 ਬਾਲ ਸੰਭਾਲ ਸੰਸਥਾਵਾਂ ਦੀ ਅਹਿਤਿਆਤ ਵਜੋਂ ਚੈਕਿੰਗ ਕੀਤੀ ਗਈ ਜਿਸ ਵਿੱਚ ਸਭ ਕੁੱਝ ਠੀਕ ਪਾਇਆ ਗਿਆ ਅਤੇ ਕੋਈ ਵੀ ਵੱਡੀ ਸ਼ਿਕਾਇਤ, ਬੱਚਿਆਂ ਦੀ ਸੁਰੱਖਿਆ ਵਿੱਚ ਖਾਮੀ ਸਾਹਮਣੇ ਨਹੀਂ ਆਈ। ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਸਬੰਧੀ ਕੁਝ ਕੁ ਕਮੀਆਂ ਅਤੇ ਬਾਲ ਘਰਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਸੁਝਾਅ ਸਾਹਮਣੇ ਆਏ। ਇਸ ਤੋਂ ਇਲਾਵਾ ਬਾਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਉਤੇ ਕੋਈ ਵੀ ਵਿਅਕਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਸ੍ਰੀਮਤੀ ਚੌਧਰੀ ਨੇ ਕਿਹਾ ਕਿ ਬੱਚਿਆਂ ਤੇ ਇਸਤਰੀਆਂ ਦੀ ਸੁਰੱਖਿਆ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਜਿਸ ਲਈ ਵਿਭਾਗ ਵੱਲੋਂ ਬਾਲ ਨਿਆਂ (ਬਾਲਾਂ ਦੀ ਸੰਭਾਲ ਤੇ ਸੁਰੱਖਿਆ) ਕਾਨੂੰਨ 2015 ਦੀ ਧਾਰਾ 54 ਤਹਿਤ ਬਾਲ ਸੰਭਾਲ ਘਰਾਂ ਦੀ ਚੈਕਿੰਗ ਲਈ ਪਹਿਲਾਂ ਹੀ ਰਾਜ ਪੱਧਰੀ ਤੇ ਜ਼ਿਲਾ ਪੱਧਰੀ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਤੇ ਬਿਹਾਰ ਦੇ ਬਾਲ ਘਰਾਂ ਵਿੱਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ

ਜਿਸ ਕਾਰਨ ਇਸ ਸੰਵੇਦਨਸ਼ੀਲ ਮੁੱਦੇ 'ਤੇ ਵਿਭਾਗ ਵੱਲੋਂ ਹੋਰ ਵੀ ਇਹਤਿਆਤ ਵਰਤਣ ਦਾ ਫੈਸਲਾ ਕਰਦਿਆਂ ਰੁਟੀਨ ਚੈਕਿੰਗਾਂ ਤੋਂ ਇਲਾਵਾਂ ਸੂਬਾ ਪੱਧਰ 'ਤੇ ਉਚ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਟੀਮਾਂ ਬਣਾ ਕੇ ਵਿਸ਼ੇਸ਼ ਚੈਕਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਚੈਕਿੰਗ ਟੀਮਾਂ ਦੀ ਰਿਪੋਰਟ 'ਤੇ ਤਸੱਲੀ ਪ੍ਰਗਟਾਉਂਦਿਆਂ ਇਹ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਬੱਚਿਆਂ ਦੀ ਸੁਰੱਖਿਆ ਭਵਿੱਖ ਵਿੱਚ ਹੋਰ ਵੀ ਵਧੀਆ ਤਰੀਕੇ ਨਾਲ ਕਰੇਗੀ। ਇਸ ਤੋਂ ਇਲਾਵਾ ਜੋ ਥੋੜੀਆਂ ਬਹੁਤੀਆਂ ਕਮੀਆਂ ਸਾਹਮਣੇ ਆਈਆਂ, ਉਨ੍ਹਾਂ ਨੂੰ ਤੁਰੰਤ ਦੂਰ ਕਰਨ ਅਤੇ ਵਿਸ਼ੇਸ਼ ਜਾਂਚ ਟੀਮਾਂ ਦੇ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਵੀ ਦਿੱਤੇ।

ਸਮਾਜਿਕ ਸਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀ ਕੇ.ਬੀ.ਐਸ.ਸਿੱਧੂ ਨੇ ਦੱਸਿਆ ਕਿ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੇਸ਼ ਵਿੱਚ ਬੱਚਿਆਂ ਖਿਲਾਫ ਸਾਹਮਣੇ ਆ ਰਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਢਣ ਦੀ ਹਦਾਇਤ ਕੀਤੀ ਸੀ ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਵਿਭਾਗ ਦੀ ਡਾਇਰੈਕਟਰ ਦੀ ਅਗਵਾਈ ਹੇਠ ਸੂਬਾ ਪੱਧਰੀ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵੱਲੋਂ ਚੈਕਿੰਗ ਕੀਤੀ ਗਈ। ਸ੍ਰੀ ਸਿੱਧੂ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਜਿੱਥੇ ਸਭ ਕੁਝ ਠੀਕ ਪਾਏ ਜਾਣ 'ਤੇ ਤਸੱਲੀ ਪ੍ਰਗਟਾਈ ਜਾ ਰਹੀ ਹੈ ਉਥੇ ਹੋਰ ਬਿਹਤਰ ਬਣਾਉਣ ਲਈ ਸੁਝਾਅ ਮਿਲੇ ਹਨ ਜਿਨ੍ਹਾਂ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

ਵਿਸ਼ੇਸ਼ ਚੈਕਿੰਗ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਟੀਮਾਂ ਵੱਲੋਂ ਦੋ ਦਿਨਾਂ ਵਿੱਚ ਸੂਬੇ ਦੇ 14 ਜ਼ਿਲ੍ਹਿਆਂ ਦੇ 67 ਬਾਲ ਸੰਭਾਲ ਸੰਸਥਾਵਾਂ ਦੀ ਚੈਕਿੰਗ ਕੀਤੀ ਗਈ। ਇਨ੍ਹਾਂ ਸੰਸਥਾਵਾਂ ਵਿੱਚੋਂ 19 ਸਰਕਾਰੀ ਅਤੇ 48 ਗੈਰ ਸਰਕਾਰੀ ਸੰਸਥਾਵਾਂ ਹਨ। ਇਹ ਉਹ ਬਾਲ ਸੰਭਾਲ ਘਰ ਹਨ ਜਿਨ੍ਹਾਂ ਵਿੱਚ ਅਨਾਥ, ਗੁੰਮਸ਼ੁਦਾ, ਵਿਸ਼ੇਸ਼ ਲੋੜਾਂ ਵਾਲੇ ਬੱਚੇ ਜਾਂ ਬਾਲ ਸੁਧਾਰ ਘਰਾਂ ਵਾਲੇ ਬੱਚੇ ਰਹਿੰਦੇ ਹਨ। ਦੋ ਰੋਜ਼ਾ ਵਿਸ਼ੇਸ਼ ਚੈਕਿੰਗ ਮੁਹਿੰਮ ਦੇ ਪਹਿਲੇ ਦਿਨ 36 ਅਤੇ ਅੱਜ ਦੂਜੇ ਦਿਨ 31 ਸੰਸਥਾਵਾਂ ਦੇਖੀਆਂ ਗਈਆਂ।

ਸ੍ਰੀਮਤੀ ਕਵਿਤਾ ਸਿੰਘ ਨੇ ਕਿਹਾ ਕਿ ਇਹ ਹਰ ਕਮੇਟੀ ਵਿੱਚ ਵਿਭਾਗ ਦਾ ਮੁੱਖ ਦਫਤਰ ਤੋਂ ਸੀਨੀਅਰ ਅਧਿਕਾਰੀ ਜਾਂ ਡਿਪਟੀ ਕਮਿਸ਼ਨਰ ਮੁਖੀ ਸੀ ਜਿਸ ਦੀ ਅਗਵਾਈ ਹੇਠ ਚੈਕਿੰਗ ਦੌਰਾਨ ਬਾਲ ਸੰਭਾਲ ਸੰਸਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਢਲੀਆਂ ਰਿਪੋਰਟਾਂ ਵਿੱਚ ਸਭ ਠੀਕ ਪਾਇਆ ਗਿਆ ਅਤੇ ਬਾਕੀ ਜਾਣਕਾਰੀ ਪੂਰੀ ਵਿਸਥਾਰਤ ਰਿਪੋਰਟਾਂ ਵਿੱਚ ਸਾਹਮਣੇ ਆਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਵੱਲੋਂ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਮੋਬਾਈਲ ਨੰਬਰ 70872-23325 ਉਤੇ 24X7 ਅਤੇ ਵਿਭਾਗ ਦੇ ਮੁੱਖ ਦਫਤਰ ਦੇ ਨੰਬਰ 0172-2608746 ਉਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੋਈ ਵੀ ਵਿਅਕਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ, ਮਹਿਲਾਵਾਂ ਤੇ ਬਜ਼ੁਰਗਾਂ ਨਾਲ ਮਾੜੇ ਵਿਵਹਾਰ ਜਾਂ ਹੋਰ ਕੋਈ ਅਤਿਆਚਾਰ ਬਾਰੇ ਉਕਤ ਹੈਲਪਲਾਈਨ ਨੰਬਰਾਂ 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਅਤੇ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ।