'ਲੋਕਲ' ਜਿੰਨੇ ਜ਼ਿਆਦਾ 'ਵੋਕਲ' ਹੋਣਗੇ,  ਬਿਹਾਰ ਉਨਾ ਵਧੇਰੇ ਆਤਮ ਨਿਰਭਰ ਹੋਵੇਗਾ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਲਈ 'ਈ-ਗੋਪਾਲਾ ਐਪ' ਸਣੇ ਅੱਧੀ ਦਰਜਨ ਯੋਜਨਾਵਾਂ ਦੀ ਕੀਤੀ ਸ਼ੁਰੂਆਤ

Narendra Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਬਿਹਾਰ 'ਚ ਸਥਾਨਕ ਉਤਪਾਦਾਂ ਨੂੰ ਜਿੰਨਾ ਜ਼ਿਆਦਾ ਹੁਲਾਰਾ ਮਿਲੇਗਾ, 'ਆਤਮ-ਨਿਰਭਰ ਭਾਰਤ' ਮੁਹਿੰਮ ਜਿੰਨੀ ਜ਼ਿਆਦਾ ਸ਼ਕਤੀ ਹਾਸਲ ਹੋਵੇਗੀ, ਬਿਹਾਰ ਹੋਰ ਆਤਮ-ਨਿਰਭਰ ਬਣੇਗਾ। ਵੀਡੀਉ ਕਾਨਫ਼ਰੰਸ ਰਾਹੀਂ ਪ੍ਰਧਾਨ ਮੰਤਰੀ ਨੇ ਮੱਤਸ ਸੰਪਦਾ ਯੋਜਨਾ (ਪੀ.ਐੱਮ.ਐੱਮ.ਐੱਸ .ਵਾਈ.) ਦਾ ਉਦਘਾਟਨ ਕਰਦਿਆਂ  ਕਿਹਾ ਕਿ ਕੇਂਦਰ ਸਰਕਾਰ ਬਿਹਾਰ ਨੂੰ ਆਤਮ-ਨਿਰਭਰ ਭਾਰਤ ਦਾ ਕੇਂਦਰ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰੇਗਾ।

ਇਸ ਮੌਕੇ ਉਹਨਾਂ ਕਿਸਾਨਾਂ ਲਈ ਸਮੁੱਚੀ ਨਸਲ ਸੁਧਾਰ, ਮਾਰਕਿਟ ਅਤੇ ਜਾਣਕਾਰੀ ਨਾਲ ਸਬੰਧਤ 'ਈ-ਗੋਪਾਲਾ ਐਪ' ਵੀ ਅਰੰਭ ਕੀਤਾ ਅਤੇ ਅੱਧੀ ਦਰਜਨ ਤੋਂ ਵੱਧ ਯੋਜਨਾਵਾ ਦੀ ਸ਼ੁਰੂਆਤ ਵੀ ਕੀਤੀ। ਭੋਜਪੁਰੀ ਭਾਸ਼ਾ 'ਚ ਸਭ ਨੂੰ ਵਧਾਈ ਦੇਣ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ, ਮੋਦੀ ਨੇ ਕਿਹਾ ਕਿ ਹੁਣ ਭਾਰਤ ਉਸ ਪੜਾਅ ਵੱਲ ਵਧ ਰਿਹਾ ਹੈ ਜਦੋਂ ਪਿੰਡਾਂ ਦੇ ਨੇੜੇ ਅਜਿਹੇ ਕਲੱਸਟਰ ਬਣਾਏ ਜਾਣਗੇ, ਜਿਥੇ ਫ਼ੂਡ ਪ੍ਰੋਸੈਸਿੰਗ ਨਾਲ ਸਬੰਧਤ ਉਦਯੋਗ ਵੀ ਸਥਾਪਤ ਕੀਤੇ ਜਾਣਗੇ ਅਤੇ ਇਸ ਨਾਲ ਜੁੜੇ ਖੋਜ ਕੇਂਦਰ ਵੀ ਜੁੜੇ ਹੋਣਗੇ।

ਉਨ੍ਹਾਂ ਕਿਹਾ ਇਸ ਤੋਂ ਬਾਅਦ ਹੀ ਅਸੀਂ ''ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਖੋਜ'' ਦਾ ਨਾਅਰਾ ਬੁਲੰਦ ਕਰ ਸਕਾਂਗੇ ਅਤੇ ਜਦੋਂ ਇਨਾਂ ਤਿੰਨਾਂ ਦੀ ਸ਼ਕਤੀ ਇਕੱਠੇ ਕੰਮ ਕਰੇਗੀ, ਤਦ ਦੇਸ਼ ਦੇ ਪੇਂਡੂ ਜੀਵਨ 'ਚ ਭਾਰੀ ਤਬਦੀਲੀਆਂ ਆਉਣਗੀਆਂ। ਬਿਹਾਰ ਵਿਚ ਇਸ ਦੇ ਲਈ ਕਾਫ਼ੀ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਬਿਹਾਰ ਦੇ ਫਲ ਭਾਵੇਂ ਲੀਚੀ, ਜ਼ਰਦੁ ਅੰਬ, ਆਂਲਾ, ਮਖਾਨਾ ਜਾਂ ਮਧੂਬਨੀ ਪੇਂਟਿੰਗਸ ਹੋਣ, ਅਜਿਹੇ ਬਹੁਤ ਸਾਰੇ ਉਤਪਾਦ ਬਿਹਾਰ ਜ਼ਿਲ੍ਹੇ ਦੇ ਜ਼ਿਲ੍ਹੇ 'ਚ ਹਨ। ਸਾਨੂੰ ਇਨ੍ਹਾਂ ਸਥਾਨਕ ਉਤਪਾਦਾਂ ਨੂੰ ਪ੍ਰਫੁਲਤ ਕਰਨ ਦੀ ਲੋੜ ਹੈ।

ਮੋਦੀ ਨੇ ਕਿਹਾ ਕਿ“ਬਿਹਾਰ ਦੇ ਲੋਕ ਆਪਣੀ ਮਿਹਨਤ, ਆਪਣੀ ਪ੍ਰਤਿਭਾ ਦੁਆਰਾ ਦੇਸ਼-ਵਿਦੇਸ਼ 'ਚ ਆਪਣਾ ਲੋਹਾ ਮਨਵਾਉਂਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਬਿਹਾਰ ਦੇ ਲੋਕ ਆਤਮ-ਨਿਰਭਰ ਬਿਹਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਇਸੇ ਤਰਾਂ ਕੰਮ ਕਰਦੇ ਰਹਿਣਗੇ। ਪ੍ਰਧਾਨ ਮੰਤਰੀ ਨੇ ਪੀਐਮਐਸਵਾਈ ਯੋਜਨਾ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੇ ਤਜ਼ਰਬੇ ਸੁਣੇ। ਮੋਦੀ ਨੇ ਬਿਹਾਰ 'ਚ ਘਰ-ਘਰ ਜਾ ਕੇ ਟੂਟੀ ਪਾਣੀ ਮੁਹੱਈਆ ਕਰਾਉਣ ਲਈ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਚਾਰ-ਪੰਜ ਸਾਲ ਪਹਿਲਾਂ ਬਿਹਾਰ 'ਚ ਸਿਰਫ ਦੋ ਫ਼ੀਸਦੀ ਘਰਾਂ ਵਿਚ ਸਾਫ ਪਾਣੀ ਦੀ ਸਪਲਾਈ ਸੀ। ਹੁਣ ਇਹ ਅੰਕੜਾ 70 ਪ੍ਰਤੀਸ਼ਤ ਤੋਂ ਵੱਧ ਹੋ ਗਿਆ ਹੈ।

ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨੇ ਵੀ ਸਿੱਧੇ ਤੌਰ 'ਤੇ ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਪੈਸੇ ਟਰਾਂਸਫਰ ਕੀਤੇ ਹਨ ਅਤੇ ਬਿਹਾਰ 'ਚ ਵੀ ਲਗਭਗ 75 ਲੱਖ ਕਿਸਾਨ ਹਨ। ਜਦੋਂ ਤੋਂ ਇਹ ਸਕੀਮ ਸ਼ੁਰੂ ਕੀਤੀ ਗਈ ਸੀ, ਹੁਣ ਤਕ ਤਕਰੀਬਨ 6 ਹਜ਼ਾਰ ਕਰੋੜ ਰੁਪਏ ਬਿਹਾਰ ਦੇ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਜਮ੍ਹਾ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਮੁਫਤ ਰਾਸ਼ਨ ਸਕੀਮ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੁਜ਼ਗਾਰ ਅਭਿਆਨ ਦੇ ਲਾਭ ਹਰ ਲੋੜਵੰਦ ਅਤੇ ਬਾਹਰੋਂ ਪਿੰਡ ਪਰਤਣ ਵਾਲੇ ਹਰੇਕ ਮਜ਼ਦੂਰ ਪਰਿਵਾਰ ਤੱਕ ਪਹੁੰਚਣ।