ਅਲ ਕਾਇਦਾ ਦੇ ਨਿਸ਼ਾਨੇ ਤੇ ਪੰਜਾਬ, 10 ਦਿਨ ਦੇ ਪੁਲਿਸ ਰਿਮਾਂਡ ਤੇ ਦੋਸ਼ੀ ਵਿਦਿਆਰਥੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਪੁਲਿਸ ਨੇ ਅੰਸਾਰ ਗਜਵਾਤ-ਉਲ-ਹਿੰਦ ਦੇ ਇਕ ਆਂਤਕੀ ਮਾਡਲ ਤੋਂ ਪਰਦਾ ਚੁਕਦੇ ਹੋਏ ਕਸ਼ਮੀਰ ਦੇ ਤਿੰਨ ਵਿਦਿਆਰਥੀਆਂ ਨੂੰ ਗਿਰਫਤਾਰ ਕਰ ਲਿਆ।

Three students on Remand

ਜਲੰਧਰ, ( ਭਾਸ਼ਾ) : ਪੰਜਾਬ ਪੁਲਿਸ ਨੇ ਅੰਸਾਰ ਗਜਵਾਤ-ਉਲ-ਹਿੰਦ ਦੇ ਇਕ ਆਂਤਕੀ ਮਾਡਲ ਤੋਂ ਪਰਦਾ ਚੁਕਦੇ ਹੋਏ ਕਸ਼ਮੀਰ ਦੇ ਤਿੰਨ ਵਿਦਿਆਰਥੀਆਂ ਨੂੰ ਗਿਰਫਤਾਰ ਕਰ ਲਿਆ। ਪੁਲਿਸ ਨੇ ਵਿਦਿਆਰਥੀਆਂ ਕੋਲੋਂ ਹਥਿਆਰ ਅਤੇ ਵਿਸਫੋਟਕ ਸਮਗਰੀ ਬਰਾਮਦ ਕੀਤੀ ਹੈ। ਆਂਤਕੀ ਮਾਡਲ ਦਾ ਖੁਲਾਸਾ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਹੈ। ਪੰਜਾਬ ਅਤੇ ਜੂੰਮ-ਕਸ਼ਮੀਰ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਸ਼ੱਕੀ ਅਤਿਵਾਦੀਆਂ ਨੂੰ ਗਿਰਫਤਾਰ ਕੀਤਾ। ਗਿਰਫਤਾਰ ਵਿਦਿਆਰਥੀ ਇਥੇ ਤਿੰਨ-ਚਾਰ ਸਾਲਾਂ ਤੋਂ ਪੜ੍ਹਾਈ ਕਰ ਰਹੇ ਸਨ।

ਅਦਾਲਤ ਨੇ ਦੋਸ਼ੀ ਵਿਦਿਆਰਥੀਆਂ ਨੂੰ 10 ਦਿਨ ਦੇ ਰਿਮਾਂਡ ਤੇ ਭੇਜ ਦਿਤਾ ਹੈ। ਦਸ ਦਈਏ ਕਿ ਪੰਜਾਬ ਪੁਲਿਸ ਨੇ 15 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਅਪਣੇ ਬਿਆਨ ਵਿਚ ਦਸਿਆ ਕਿ ਜਲੰਧਰ ਦੇ ਬਾਹਰੀ ਹਿੱਸੇ ਸ਼ਾਹਪੁਰ ਵਿਖੇ ਸਥਿਤ ਸੀਟੀ ਇੰਸਟੀਟਿਊ ਆਫ ਇੰਜੀਨਿਅਰਿੰਗ ਮੈਨੇਜਮੇਂਟ ਐਂਡ ਟੇਕਨੋਲਾਜੀ ਦੇ ਹੋਸਟਲ ਦੇ ਵਿਦਿਆਰਥੀਆਂ ਤੇ ਸਵੇਰੇ ਛਾਪਾ ਮਾਰਿਆ ਗਿਆ। ਉਨਾਂ ਨੇ ਬੀਟੇਕ (ਸਿਵਲ) ਦੇ ਦੂਜੇ ਸਮੈਸਟਰ ਦੇ ਵਿਦਿਆਰਥੀ ਜਾਹਿਦ ਗੁਲਜ਼ਾਰ ਦੇ ਕਮਰੇ ਤੋਂ ਇਕ ਅਸਾਲਟ ਰਾਈਫਲ ਸਮੇਤ ਦੋ ਹਥਿਆਰ ਅਤੇ ਵਿਸਫੋਟਕ ਸਮਗਰੀ ਜ਼ਬਤ ਕੀਤੀ ਹੈ।

ਗੁਲਜ਼ਾਰ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ। ਗੁਲਜ਼ਾਰ ਨੂੰ ਮੁਹਮਦ ਇਦਰਿਸ ਸ਼ਾਹ ਉਰਫ਼ ਨਦੀਮ ਅਤੇ ਯੂਸਫ ਰਫੀਕ ਭਟ ਦੇ ਨਾਲ ਗਿਰਫਤਾਰ ਕੀਤਾ ਗਿਆ ਹੈ। ਸ਼ਾਹ ਪੁਲਵਾਮਾ ਦਾ ਰਹਿਣ ਵਾਲਾ ਹੈ ਜਦਕਿ ਰਫੀਕ ਪੁਲਵਾਮਾ ਦੇ ਨੁਰਪੂਰਾ ਦਾ ਵਸਨੀਕ ਹੈ। ਡੀਜੀਪੀ ਨੇ ਕਿਹਾ ਹੈ ਕਿ ਇਹ ਗਿਰਫਤਾਰੀਆਂ ਵੱਖ-ਵੱਖ ਜਾਣਕਾਰੀਆਂ ਦੇ ਆਧਾਰ ਤੇ ਕੀਤੀਆਂ ਗਈਆਂ ਹਨ। ਇਸ ਤਰਾਂ ਦੀਆਂ ਸੂਚਨਾਵਾਂ ਮਿਲ ਰਹੀਆਂ ਸਨ ਕਿ ਕੁਝ ਆਂਤਕੀ ਸੰਗਠਨ ਜਾਂ ਵਿਅਕਤੀ ਜੰਮੂ-ਕਸ਼ਮੀਰ ਅਤੇ ਪੰਜਾਬ ਵਿਚ ਮੋਜੂਦ ਹਨ ਅਤੇ ਉਹ ਗਤੀਵਿਧੀਆਂ ਕਰ ਰਹੇ ਹਨ।

 


 

ਇਸ ਸਬੰਧ ਵਿਚ ਜਲੰਧਰ ਦੇ ਸਦਰ ਥਾਣੇ ਵਿਚ ਮਾਮਲਾ ਦਰਜ਼ ਕੀਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਿਸ, ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਕੰਮ ਕਰ ਰਹੀ ਹੈ ਤਾਂਕਿ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਇਨਾਂ ਸੰਗਠਨਾਂ ਅਤੇ ਵਿਅਕਤੀਆਂ ਦੇ ਨੇਟਵਰਕ ਦਾ ਖੁਲਾਸਾ ਕੀਤਾ ਜਾ ਸਕੇ। ਉਨਾ ਕਿਹਾ ਕਿ ਅੰਸਾਰ ਗਜਵਾਤ-ਉਲ-ਹਿੰਦ ਨਾਲ ਸਬੰਧਤ ਆਂਤਕੀ ਮਾਡਲ ਦਾ ਉਜਾਗਰ ਹੋਣਾ ਅਤੇ ਜਲੰਧਰ ਵਿਚ ਹਥਿਆਰਾਂ ਦੀ ਜ਼ਬਤੀ ਉਸ ਸਾਜਸ਼ ਦਾ ਹਿੱਸਾ ਹੈ ਜਿਸ ਅਧੀਨ ਪਾਕਿਸਤਾਨ ਦੀ ਆਈਐਸਆਈ ਭਾਰਤ ਦੀ ਪੱਛਮੀ ਸੀਮਾ ਤੇ ਅਤਿਵਾਦ ਫੈਲਾਉਣਾ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪਟਿਆਲਾ ਦੇ ਬਨੂਰ ਤੋਂ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਨਿਵਾਸੀ ਗਾਜੀ ਅਹਿਮਦ ਮਲਿਕ ਨੂੰ ਹਿਰਾਸਤ ਵਿਚ ਲਿਆ ਸੀ। ਜਿੱਥੇ ਉਹ ਆਇਰਨਸ ਗਰੁੱਪ ਪੋਲੋਟੈਕਨਿਕਲ ਕਾਲਜ ਵਿਖੇ ਪੜ੍ਹ ਰਿਹਾ ਸੀ। ਉਸਨੇ ਦਸਿਆ ਕਿ ਇਹ ਪਤਾ ਲਗਾ ਸੀ ਕਿ ਗਾਜੀ ਆਦਿਲ ਬਸ਼ੀਰ ਸ਼ੇਖ ਦੇ ਸੰਪਰਕ ਵਿਚ ਸੀ।

ਸ਼ੇਖ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਪੁਲਿਸ ਅਧਿਕਾਰੀ ਸੀ ਜੋ ਸ਼੍ਰੀਨਗਰ ਵਿਚ ਪੀਡੀਪੀ ਵਿਧਾਇਕ ਦੇ ਘਰ ਤੋਂ ਸੱਤ ਰਾਈਫਲਾਂ ਦੇ ਨਾਲ ਫਰਾਰ ਹੋ ਗਿਆ ਸੀ। ਅਜਿਹਾ ਸ਼ੱਕ ਹੈ ਕਿ ਉਹ ਹਿਜ਼ਬੁਲ ਮੁਜ਼ਾਹਿਦੀਨ ਵਿਚ ਸ਼ਾਮਿਲ ਹੋ ਗਿਆ ਹੈ। ਗਾਜੀ ਨੂੰ ਬਾਅਦ ਵਿਚ ਅਗਲੇਰੀ ਜਾਂਚ ਲਈ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ ਸੀ।