ਦਿੱਲੀ ਮੰਤਰੀ ਕੈਲਾਸ਼ ਗਹਲੋਤ ਦੇ 16 ਠਿਕਾਣਿਆਂ 'ਤੇ ਇਨਕਮ ਟੈਕਸ ਦਾ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਲੋਤ ਦੇ 16 ਠਿਕਾਣਿਆਂ ਤੇ ਬੁੱਧਵਾਰ ਨੂੰ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ।

Kailash Gahlot

ਨਵੀਂ ਦਿੱਲੀ, ( ਪੀਟੀਆਈ) : ਦਿੱਲੀ ਸਰਕਾਰ ਦੇ ਮੰਤਰੀ ਕੈਲਾਸ਼ ਗਹਲੋਤ ਦੇ 16 ਠਿਕਾਣਿਆਂ ਤੇ ਬੁੱਧਵਾਰ ਨੂੰ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਮੰਤਰੀ ਨਾਲ ਜੁੜੇ ਇਹ ਸਾਰੇ ਠਿਕਾਣੇ ਨਵੀਂ ਦਿੱਲੀ ਅਤੇ ਉਸਦੇ ਨਾਲ ਲਗਦੇ ਹਰਿਆਣਾ ਦੇ ਗੁਰੂਗਰਾਮ ਵਿਚ ਦਸੇ ਗਏ ਹਨ। ਵਿਭਾਗ ਦੇ ਸੂਤਰਾਂ ਨੇ ਦਸਿਆ ਕਿ ਬ੍ਰਿਸਕ ਇਨਫਰਾਸਟਰਕਚਰ ਅਤੇ ਡੇਵਲਪਰਸ ਲਿਮਿਟੇਡ ਅਤੇ ਕਾਰਪੋਰੇਟ ਇੰਟਰਨੈਸ਼ਨਲ ਫਾਇਨੇਂਸ਼ੀਅਨਲ ਸਰਵਿਸੇਜ਼ ਲਿਮਿਟੇਡ ਤੇ ਛਾਪੇਮਾਰੀ ਕੀਤੀ ਗਈ। ਰਿਪੋਰਟਾਂ ਦੀ ਮੰਨੀਏ ਤਾਂ ਮੰਤਰੀ ਤੇ ਟੈਕਸ ਚੋਰੀ ਦੇ ਦੋਸ਼ ਲਗੇ ਹਨ।

ਮੰਤਰੀ ਦੇ ਦਖਣੀ ਦਿੱਲੀ ਵਿਖੇ ਸਥਿਤ ਵਸੰਤ ਕੁਜ ਠਿਕਾਣੇ ਤੇ ਵੀ ਇਨਕਮ ਟੈਕਸ ਵਿਭਾਗ ਦਾ ਇਕ ਦਸਤਾ ਪੁੱਜਾ ਜਿਸਨੇ ਜਾਂਚ ਪੜਤਾਲ ਕਤੀ। ਦਸ ਦਈਏ ਕਿ ਗਹਲੋਤ ਨਜਫਗੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਇਸਦੇ ਨਾਲ ਹੀ ਉਹ ਮੁਖਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਵੀ ਹਨ। ਛਾਪੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਐਮ ਨੇ ਇਸਨੂੰ ਲੈ ਕੇ ਟਵੀਟ ਕੀਤਾ। ਉਨਾਂ ਮੋਦੀ ਸਰਕਾਰ ਤੇ ਜ਼ਬਰਦਸਤੀ ਆਪ ਦੇ ਮੰਤਰੀ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ।

ਕੇਜਰੀਵਾਲ ਨੇ ਪੁੱਛਿਆ ਕੀ, ਨੀਰਵ ਮੋਦੀ ਅਤੇ ਵਿਜੇ ਮਾਲਯਾ ਨਾਲ ਦੋਸਤੀ ਅਤੇ ਸਾਡੇ ਤੇ ਛਾਪੇਮਾਰੀ? ਕੇਜਰੀਵਾਲ ਦੇ ਸ਼ਬਦਾਂ ਵਿਚ, ਮੋਦੀ ਜੀ ਤੁਸੀਂ ਮੇਰੇ ਇਥੇ ਸਤਿਯੰਦਰ ਜੈਨ ਅਤੇ ਮਨੀਸ਼ ਸਿਸੋਦੀਆ ਤੇ ਛਾਪੇਮਾਰੀ ਕਰਵਾਈ ਸੀ। ਉਸਦਾ ਕੀ ਹੋਇਆ? ਕੁਝ ਮਿਲਿਆ? ਨਹੀਂ ਮਿਲਿਆ? ਅਗਲੀ ਛਾਪੇਮਾਰੀ ਕਰਨ ਤੋਂ ਪਹਿਲਾਂ ਦਿਲੀ ਨਿਵਾਸੀਆਂ ਨੂੰ ਉਨਾਂ ਦੀ ਸਰਕਾਰ ਨੂੰ ਪਰੇਸ਼ਾਨ ਕਰਨ ਲਈ ਮਾਫੀ ਤਾਂ ਮੰਗ ਲਵੋ।

ਦਸਣਯੋਗ ਹੈ ਕਿ ਨੀਰਵ ਮੋਦੀ ਅਤੇ ਵਿਜੇ ਮਾਲਯਾ ਇਸ ਵੇਲੇ ਭਾਰਤ ਵਿਚ ਨਹੀਂ ਹਨ। ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁਖ ਦੋਸ਼ੀ ਨੀਰਵ ਮੋਦੀ ਨੇ ਬੈਕ ਦੇ ਨਾਲ ਲਗਭਗ 14 ਹਜ਼ਾਰ ਕਰੋੜ ਰੁਪਏ ਦਾ ਧੋਖਾ ਕੀਤਾ ਸੀ ਜਿਸ ਤੋਂ ਬਾਅਦ ਉਹ ਫਰਾਰ ਹਨ। ਜਦਕਿ ਸ਼ਰਾਬ ਕਾਰੋਬਾਰੀ ਵਿਜੇ ਮਾਲਯਾ ਤੇ ਵੱਖ-ਵੱਖ ਭਾਰਤੀ ਬੈਂਕਾਂ ਦੀ ਲਗਭਗ 9 ਹਜ਼ਾਰ ਕਰੋੜ ਤੋਂ ਵੱਧ ਦੀ ਰਕਮ ਦਾ ਬਕਾਇਆ ਹੈ। ਉਸ ਤੇ ਧੋਖੇ ਅਤੇ ਮਨੀ ਲਾਡਰਿੰਗ ਵਰਗੇ ਦੋਸ਼ ਲਗੇ ਹਨ।