ਲੜਕੀ ਨਾਲ ਦੋਸਤੀ ਕਰਨ 'ਤੇ 18 ਸਾਲਾ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ
ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਇਕ 18 ਸਾਲਾ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿਚ 3 ਨਾਬਾਲਿਗਾਂ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦਿੱਲੀ ਦੇ ਆਦਰਸ਼ ਨਗਰ ਦੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਰਾਹੁਲ ਦੋਸ਼ੀ ਦੀ ਭੈਣ ਦਾ ਦੋਸਤ ਸੀ, ਜਿਸ ਦਾ ਲੜਕੀ ਦੇ ਪਰਿਵਾਰ ਵਾਲੇ ਵਿਰੋਧ ਕਰ ਰਹੇ ਸੀ।
ਦੱਸਿਆ ਜਾ ਰਿਹਾ ਹੈ ਕਿ ਲੜਕਾ ਅਤੇ ਲੜਕੀ ਵੱਖ-ਵੱਖ ਧਰਮਾਂ ਤੋਂ ਸਨ। ਮਿਲੀ ਜਾਣਕਾਰੀ ਮੁਤਾਬਕ 7 ਅਕਤੂਬਰ ਨੂੰ ਕੁੱਲ਼ ਲੋਕਾਂ ਵੱਲੋਂ ਉੱਤਰੀ ਪੱਛਮੀ ਦਿੱਲੀ ਦੇ ਆਦਰਸ਼ ਨਗਰ ਦੀ ਮੂਲਚੰਦ ਕਲੋਨੀ ਵਿਚ ਰਹਿਣ ਵਾਲੇ 18 ਸਾਲਾ ਰਾਹੁਲ ਨੂੰ ਟਿਊਸ਼ਨ ਪੜ੍ਹਾਉਣ ਦੇ ਬਹਾਨੇ ਬੁਲਾਇਆ ਗਿਆ।
ਇਸ ਘਟਨਾ ਦੀ ਸੀਸੀਟੀਵੀ ਫੂਟੇਜ ਵੀ ਸਾਮਹਣੇ ਆਈ ਹੈ, ਜਿਸ ਵਿਚ ਦੇਖਿਆ ਗਿਆ ਕਿ ਰਾਹੁਲ ਦੀ ਕੁੱਟ ਮਾਰ ਤੋਂ ਬਾਅਦ ਮੌਤ ਹੋ ਗਈ। ਪੁਲਿਸ ਨੂੰ ਮੌਤ ਦੀ ਜਾਣਕਾਰੀ ਬਾਬੂ ਜਗਜੀਵਨ ਰਾਮ ਹਸਪਤਾਲ ਤੋਂ ਮਿਲੀ। ਉੱਤਰੀ ਪੱਛਮੀ ਦਿੱਲੀ ਦੇ ਡੀਸੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਚੱਲਿਆ ਕਿ ਰਾਹੁਲ ਦੀ ਜਹਾਂਗੀਰਪੂਰੀ ਵਿਚ ਰਹਿਣ ਵਾਲੀ ਇਕ ਲੜਕੀ ਨਾਲ ਦੋਸਤੀ ਸੀ, ਇਸ ਦੇ ਚਲਦਿਆਂ ਲੜਕੀ ਦੇ ਭਰਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਕੁੱਟਿਆ, ਜਿਸ ਕਾਰਨ ਰਾਹੁਲ ਦੀ ਮੌਤ ਹੋ ਗਈ।
ਰਾਹੁਲ ਬੀਏ ਦਾ ਵਿਦਿਆਰਥੀ ਸੀ ਅਤੇ ਘਰ ਵਿਚ ਟਿਊਸ਼ਨ ਪੜ੍ਹਾਉਂਦਾ ਸੀ। ਰਾਹੁਲ ਦੇ ਪਰਿਵਾਰ ਦਾ ਦੋਸ਼ ਹੈ ਕਿ 8 ਤੋਂ 10 ਲੋਕਾਂ ਨੇ ਉਸ 'ਤੇ ਹਮਲਾ ਕੀਤਾ। ਪੁਲਿਸ ਨੇ ਮਾਮਲੇ ਵਿਚ ਮੁੱਖ ਅਰੋਪੀ ਮਨਵਾਰ ਹੁਸੈਨ ਅਤੇ ਅਬਦੁੱਲ ਮਹਾਰ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਹੈ।