ਰਾਮਵਿਲਾਸ ਪਾਸਵਾਨ ਦਾ ਅੰਤਿਮ ਸੰਸਕਾਰ ਅੱਜ, ਨਮ ਹੋਈਆਂ ਸਮਰਥਕਾਂ ਦੀਆਂ ਅੱਖਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰੀਬ ਡੇਢ ਵਜੇ ਪਟਨਾ ਵਿਖੇ ਹੋਵੇਗਾ ਅੰਤਿਮ ਸੰਸਕਾਰ

Ram Vilas Paswan's funeral in Patna

ਨਵੀਂ ਦਿੱਲੀ: ਲੰਬੀ ਬਿਮਾਰੀ ਤੋਂ ਬਾਅਦ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦਾ 74 ਸਾਲ ਦੀ ਉਮਰ ਵਿਚ ਵੀਰਵਾਰ ਦੀ ਰਾਤ ਦੇਹਾਂਤ ਹੋ ਗਿਆ। ਉਹਨਾਂ ਨੇ ਦਿੱਲੀ ਦੇ ਹਸਪਤਾਲ ਵਿਚ ਆਖਰੀ ਸਾਹ ਲਏ, ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸਨ। 

ਅੱਜ ਉਹਨਾਂ ਦਾ ਪਟਨਾ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅੰਤਿਮ ਸੰਸਕਾਰ ਤੋਂ ਪਹਿਲਾਂ ਉਹਨਾਂ ਦੇ ਅੰਤਿਮ ਦਰਸ਼ਨ ਲਈ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕ ਇਕੱਠੇ ਹੋਏ। ਇਸ ਦੌਰਾਨ ਰਾਮਵਿਲਾਸ ਪਾਸਵਾਨ ਦੇ ਸਮਰਥਕਾਂ ਦੀਆਂ ਅੱਖਾਂ ਨਮ ਸਨ। 

ਇਸ ਤੋਂ ਇਲਾਵਾ ਕਈ ਸਿਆਸੀ ਨੇਤਾ ਵੀ ਉਹਨਾਂ ਦੇ ਅੰਤਿਮ ਦਰਸ਼ਨ ਲਈ ਪਹੁੰਚੇ। ਦੱਸ ਦਈਏ ਕਿ ਬੀਤੀ ਸ਼ਾਮ ਉਹਨਾਂ ਦੀ ਮ੍ਰਿਤਕ ਦੇਹ ਨੂੰ ਵਿਸ਼ੇਸ਼ ਉਡਾਣ ਰਾਹੀਂ ਨਵੀਂ ਦਿੱਲੀ ਤੋਂ ਬਿਹਾਰ ਲਿਜਾਇਆ ਗਿਆ, ਇਸ ਦੌਰਾਨ ਹਵਾਈ ਅੱਡੇ 'ਤੇ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋਏ ਅਤੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। 

ਰਾਮਵਿਲਾਸ ਪਾਸਵਾਨ ਦੀ ਮ੍ਰਿਤਕ ਦੇਹ ਨੂੰ ਪਟਨਾ ਸਥਿਤ ਲੋਕ ਜਨਸ਼ਕਤੀ ਪਾਰਟੀ ਦੇ ਮੁੱਖ ਦਫ਼ਤਰ  ਵਿਚ ਰੱਖਿਆ ਗਿਆ ਹੈ, ਜਿੱਥੇ ਲੋਕ ਉਹਨਾਂ ਦੇ ਅੰਤਿਮ ਦਰਸ਼ਨ ਲ਼ਈ ਆ ਰਹੇ ਹਨ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਸਾਬਕਾ ਕੇਂਦਰੀ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ।

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਵੀ ਉੱਥੇ ਮੌਜੂਦ ਸੀ। ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਵੀ ਪਾਰਟੀ ਦਫ਼ਤਰ ਪਹੁੰਚ ਕੇ ਰਾਮਵਿਲਾਸ ਪਾਸਵਾਨ ਨੂੰ ਸ਼ਰਧਾਂਜਲੀ ਦਿੱਤੀ। ਰਾਮਵਿਲਾਸ ਪਾਸਵਾਨ ਦੀ ਮੌਤ ਤੋਂ ਬਾਅਦ ਬਿਹਾਰ ਵਿਚ ਸੋਗ ਦੀ ਲਹਿਰ ਹੈ। ਉਹਨਾਂ ਅੰਤਿਮ ਸੰਸਕਾਰ ਕਰੀਬ ਡੇਢ ਵਜੇ ਪਟਨਾ ਵਿਖੇ ਹੋਵੇਗਾ।