ਬਿਹਾਰ ਚੋਣਾਂ- ਸ਼ੁਰੂਆਤੀ ਰੁਝਾਨ ਦੇਖ ਕੇ JDU ਦੇ ਬੁਲਾਰੇ ਕੇਸੀ ਤਿਆਗੀ ਨੇ ਕਬੂਲੀ ਹਾਰ
ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਤੇ ਮਹਾਗਠਜੋੜ ਵਿਚਾਲੇ ਸਖਤ ਟੱਕਰ
ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਤੇਜਸਵੀ ਯਾਦਵ ਦੀ ਅਗਵਾਈ ਵਾਲਾ ਮਹਾਗਠਜੋੜ ਅਤੇ ਨਿਤੀਸ਼ ਦੀ ਅਗਵਾਈ ਵਾਲੇ ਐਨਡੀਏ ਵਿਚ ਸਖ਼ਤ ਮੁਕਾਬਲਾ ਹੈ।
ਵੋਟਾਂ ਦੀ ਗਿਣਤੀ ਦੌਰਾਨ ਜੇਡੀਯੂ ਦੇ ਦਿੱਗਜ਼ ਨੇਤਾ ਕੇਸੀ ਤਿਆਗੀ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਰੁਝਾਨ ਸਾਹਮਣੇ ਆ ਰਹੇ ਹਨ, ਅਜਿਹਾ ਲਗਦਾ ਹੈ ਕਿ ਇਸ ਵਿਚ ਕਿਤੇ ਨਾ ਕਿਤੇ ਕੋਵਿਡ ਦੀ ਵੀ ਭੂਮਿਕਾ ਹੈ ਹਾਲਾਂਕਿ ਜਦੋਂ ਤੱਕ ਪੂਰੇ ਨਤੀਜੇ ਸਾਹਮਣੇ ਨਹੀਂ ਆਉਂਦੇ, ਉਦੋਂ ਤੱਕ ਕੁਝ ਵੀ ਕਹਿਣਾ ਉਚਿਤ ਨਹੀਂ ਹੋਵੇਗਾ।
ਉਹਨਾਂ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਤੇਜਸਵੀ ਯਾਦਵ ਨੇ ਨਹੀਂ ਬਲਕਿ ਕੁਦਰਤੀ ਆਪਦਾ ਨੇ ਹਰਾਇਆ ਹੈ। ਤਿਆਗੀ ਨੇ ਕਿਹਾ ਕਿ ਅਸੀਂ ਲੋਕਾਂ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਕੇਸੀ ਤਿਆਗੀ ਨੇ ਅੱਗੇ ਕਿਹਾ ਕਿ ਅਸੀਂ ਪਿਛਲੇ 70 ਸਾਲਾਂ ਵਿਚ ਬਿਹਾਰ ਦੀ ਮਾੜੀ ਸਥਿਤੀ ਦੇ ਨਤੀਜੇ ਭੁਗਤ ਰਹੇ ਹਾਂ।
ਜ਼ਿਆਦਾਤਰ ਐਗਜ਼ਿਟ ਪੋਲ ਵਿਚ ਰਾਜਦ ਨੇਤਾ ਤੇਜਸ਼ਵੀ ਯਾਦਵ ਦੀ ਅਗਵਾਈ ਵਿਚ ਪੰਜ ਪਾਰਟੀਆਂ ਦੇ ਮਹਾਗਠਜੋੜ ਦੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ। ਸ਼ੁਰੂਆਤੀ ਰੁਝਾਨਾਂ ਵਿਚ ਮਹਾਗਠਜੋੜ 114 ਸੀਟਾਂ 'ਤੇ ਜਦਕਿ ਐਨਡੀਏ 110 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਵੋਟਾਂ ਦੀ ਗਿਣਤੀ ਦੌਰਾਨ ਤੇਜਸਵੀ ਯਾਦਵ ਦੇ ਸਮਰਥਕ ਉਹਨਾਂ ਦੇ ਘਰ ਦੇ ਬਾਹਰ ਇਕੱਠੇ ਹੋਏ ਹਨ।
ਦਸਣਯੋਗ ਹੈ ਕਿ ਬਿਹਾਰ 'ਚ 243 ਸੀਟਾਂ 'ਤੇ ਤਿੰਨ ਗੇੜਾਂ 'ਚ ਵੋਟਿੰਗ ਹੋਈ ਸੀ। ਪਹਿਲੇ ਗੇੜ ਵਿਚ 16 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ 28 ਅਕਤੂਬਰ ਨੂੰ ਵੋਟਾਂ ਪਈਆਂ। ਦੂਜੇ ਗੇੜ 'ਚ 17 ਜ਼ਿਲ੍ਹਿਆਂ ਦੀਆਂ 94 ਸੀਟਾਂ 'ਤੇ ਵੋਟਿੰਗ 3 ਨਵੰਬਰ ਨੂੰ ਹੋਈ ਅਤੇ ਆਖ਼ਰੀ ਅਤੇ ਤੀਜੇ ਗੇੜ ਵਿਚ 15 ਜ਼ਿਲ੍ਹਿਆਂ 'ਚ 78 ਸੀਟਾਂ 'ਤੇ 7 ਨਵੰਬਰ ਨੂੰ ਵੋਟਾਂ ਪਈਆਂ।
ਦੱਸ ਦਈਏ ਕਿ 243 ਸੀਟਾਂ ਲਈ 3,755 ਉਮੀਦਵਾਰਾਂ ਦੀ ਕਿਸਮਤ ਅਜ਼ਮਾਈ ਹੈ। ਨਿਤੀਸ਼ ਕੁਮਾਰ, ਚਿਰਾਗ ਪਾਸਵਾਨ ਜਾਂ ਫਿਰ ਤੇਜਸਵੀ ਯਾਦਵ ਮੁੱਖ ਮੰਤਰੀ ਦੀ ਦੌੜ 'ਚ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬਿਹਾਰ ਦੀ ਸੱਤਾ ਦੀ ਚਾਬੀ ਕਿਸ ਦੇ ਹੱਥ ਆਉਂਦੀ ਹੈ।