ਮੇਰੀ ਗ੍ਰਿਫ਼ਤਾਰੀ ਸਿਆਸੀ ਸੀ, ਅਜਿਹੀ 'ਬਦਲੇ ਦੀ ਰਾਜਨੀਤੀ' ਕਦੇ ਨਹੀਂ ਦੇਖੀ: ਸੰਜੇ ਰਾਉਤ
ਰਾਉਤ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵੀ ਮੁਲਾਕਾਤ ਕਰਨਗੇ।
ਮੁੰਬਈ: ਮਨੀ ਲਾਂਡਰਿੰਗ ਮਾਮਲੇ ਵਿਚ ਜੇਲ੍ਹ ਤੋਂ ਰਿਹਾਅ ਹੋਣ ਦੇ ਇਕ ਦਿਨ ਬਾਅਦ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਗ੍ਰਿਫ਼ਤਾਰੀ ਸਿਆਸੀ ਸੀ ਅਤੇ ਅਜਿਹੀ ‘ਬਦਲੇ ਦੀ ਰਾਜਨੀਤੀ’ ਦੇਸ਼ ਵਿਚ ਪਹਿਲਾਂ ਕਦੇ ਨਹੀਂ ਦੇਖੀ ਗਈ। ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਰਾਊਤ ਨੂੰ ਇਹ ਕਹਿੰਦੇ ਹੋਏ ਜ਼ਮਾਨਤ ਦੇ ਦਿੱਤੀ ਕਿ ਉਹਨਾਂ ਦੀ ਗ੍ਰਿਫ਼ਤਾਰੀ 'ਗੈਰ-ਕਾਨੂੰਨੀ' ਸੀ। ਉਹਨਾਂ ਨੂੰ 100 ਦਿਨਾਂ ਬਾਅਦ ਬੁੱਧਵਾਰ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਕੀਤਾ ਗਿਆ।
ਰਾਉਤ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵੀ ਮੁਲਾਕਾਤ ਕਰਨਗੇ। ਉਹਨਾਂ ਨੇ ਭਵਿੱਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੀ ਗੱਲ ਵੀ ਕਹੀ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਉਹਨਾਂ ਕਿਹਾ, “ਮੇਰੀ ਗ੍ਰਿਫ਼ਤਾਰੀ ਸਿਆਸੀ ਸੀ ਪਰ ਮੈਂ ਆਪਣਾ ਸਮਾਂ ਚੰਗੇ ਮਕਸਦ ਨਾਲ ਬਿਤਾਇਆ। ਮੇਰੀ ਪਾਰਟੀ, ਮੇਰੇ ਪਰਿਵਾਰ ਅਤੇ ਮੈਨੂੰ ਦੁੱਖ ਝੱਲਣਾ ਪਿਆ। ਅਸੀਂ ਦੁੱਖ ਝੱਲੇ ਹਨ ਮੇਰੇ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ। ਜ਼ਿੰਦਗੀ ਅਤੇ ਰਾਜਨੀਤੀ ਵਿਚ ਅਜਿਹਾ ਹੁੰਦਾ ਹੈ।”
ਰਾਉਤ ਨੇ ਕਿਹਾ, “ਦੇਸ਼ ਨੇ ਇਸ ਤਰ੍ਹਾਂ ਦੀ ਰਾਜਨੀਤੀ ਕਦੇ ਨਹੀਂ ਦੇਖੀ ਹੈ। ਸਾਡਾ ਦੇਸ਼ 150 ਸਾਲ ਤੱਕ ਵਿਦੇਸ਼ੀ ਸ਼ਾਸਨ ਅਧੀਨ ਰਿਹਾ ਪਰ ਅਸੀਂ ਦੇਸ਼ ਵਿਚ ਇਸ ਤਰ੍ਹਾਂ ਦੀ ਸਿਆਸੀ ਬਦਲਾਖੋਰੀ ਨਹੀਂ ਦੇਖੀ। ਦੁਸ਼ਮਣਾਂ ਨਾਲ ਵੀ ਚੰਗਾ ਸਲੂਕ ਕੀਤਾ ਜਾਂਦਾ ਸੀ”। ਰਾਉਤ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਉਪ ਮੁੱਖ ਮੰਤਰੀ ਫੜਨਵੀਸ ਦੁਆਰਾ ਚਲਾਇਆ ਜਾ ਰਿਹਾ ਹੈ ਅਤੇ ਏਕਨਾਥ-ਫਡਨਵੀਸ ਸਰਕਾਰ ਨੇ ਕੁਝ ਚੰਗੇ ਫੈਸਲੇ ਲਏ ਹਨ। ਦੱਸ ਦੇਈਏ ਕਿ ਰਾਉਤ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਾਤਰਾ ਚੌਲ ਪੁਨਰ ਵਿਕਾਸ ਪ੍ਰਾਜੈਕਟ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।