ਅਜੈ ਚੌਟਾਲਾ ਦੇ ਬੇਟੇ ਨੇ ਨਵੇਂ ਸਿਆਸੀ ਦਲ 'ਜਨਨਾਇਕ ਜਨਤਾ ਪਾਰਟੀ' ਦਾ ਕੀਤਾ ਗਠਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚੋਂ ਕੱਢੇ ਗਏ ਅਜੈ ਚੌਟਾਲਾ ਦੇ ਬੇਟੇ ਦੁਸ਼ਯੰਤ ਚੌਟਾਲਾ ਨੇ ਅੱਜ ਨਵੇਂ ਸਿਆਸੀ ਦਲ 'ਜਨਨਾਇਕ ਜਨਤਾ ਪਾਰਟੀ'........

Ajay Chautala son formed the new political party Jannayak Janata Party

ਜੀਂਦ : ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚੋਂ ਕੱਢੇ ਗਏ ਅਜੈ ਚੌਟਾਲਾ ਦੇ ਬੇਟੇ ਦੁਸ਼ਯੰਤ ਚੌਟਾਲਾ ਨੇ ਅੱਜ ਨਵੇਂ ਸਿਆਸੀ ਦਲ 'ਜਨਨਾਇਕ ਜਨਤਾ ਪਾਰਟੀ' ਦਾ ਗਠਨ ਕੀਤਾ। ਦੁਸ਼ਯੰਤ ਨੇ ਜੀਂਦ ਦੇ ਪਾਂਡੂ ਪਿੰਡਾਰਾ ਵਿਚ ਆਯੋਜਤ ਰੈਲੀ ਦੇ ਮੰਚ 'ਤੇ ਅਪਣੀ ਨਵੀਂ ਪਾਰਟੀ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਦੀ ਮਾਤਾ ਵਿਧਾਇਕਾ ਨੈਨਾ ਚੌਟਾਲਾ ਵੀ ਮੌਜੂਦ ਰਹੀ। ਦੁਸ਼ਯੰਤ ਨੇ ਰੈਲੀ ਵਿਚ ਹਰ ਵਰਗ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿਚ 75 ਫ਼ੀ ਸਦੀ ਨਿਜੀ ਖੇਤਰ ਦੀਆਂ ਨੌਕਰੀਆਂ ਵਿਚ ਹਰਿਆਣਾ ਦੇ ਨੌਜਵਾਨਾਂ ਦਾ ਹੱਕ ਹੋਵੇਗਾ। ਬਜ਼ੁਰਗ ਪੁਰਸ਼ ਨੂੰ 58 ਅਤੇ ਔਰਤਾਂ ਨੂੰ 55 ਸਾਲ ਦੀ ਉਮਰ ਵਿਚ ਪੈਨਸ਼ਨ ਦਿਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ 'ਤੇ ਉਹ ਸਕੂਲਾਂ ਦਾ ਵਿਕਾਸ ਕਰਨਗੇ ਜਿਸ ਵਿਚ ਗ਼ਰੀਬ ਦਾ ਬੱਚਾ ਵੀ ਪੜ੍ਹ ਸਕੇਗਾ। ਇਨੈਲੋ ਪਾਰਟੀ ਵਿਚੋਂ ਕੱਢੇ ਜਾਣ ਦੇ ਬਾਵਜੂਦ ਵੀ ਦੁਸ਼ਯੰਤ ਨੇ ਕਿਹਾ ਕਿ ਚੌਧਰੀ ਓਮ ਪ੍ਰਕਾਸ਼ ਚੌਟਾਲਾ ਹਮੇਸ਼ਾ ਸਾਡੇ ਦਿਲ ਵਿਚ ਰਹਿਣਗੇ। ਸ਼ਕਤੀ ਪ੍ਰਦਰਸ਼ਨ ਦੌਰਾਨ ਮੰਚ 'ਤੇ ਇਨੈਲੋ ਵਿਧਾਇਕ ਅਨੂਪ ਧਾਨਕ, ਰਾਜਦੀਪ ਫ਼ੋਗਾਟ, ਨੈਨਾ ਚੌਟਾਲਾ, ਬਬਿਤਾ ਫ਼ੋਗਾਟ, ਮਹਾਵੀਰ ਫ਼ੋਗਾਟ, ਅਮੀਰ ਚਾਵਲਾ ਆਦਿ ਵੀ ਮੌਜੂਦ ਸਨ। 

ਜ਼ਿਕਰਯੋਗ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਾਬਕਾ ਲੀਡਰ ਦੁਸ਼ਯੰਤ ਚੌਟਾਲਾ ਨੇ ਸਾਲ 2014 ਵਿਚ ਵੱਡੇ ਫ਼ਰਕ ਨਾਲ ਹਿਸਾਰ ਲੋਕ ਸਭਾ ਸੀਟ ਅਪਣੇ ਨਾਂਅ ਕੀਤੀ ਸੀ। ਪਰ ਪਿਛਲੇ ਮਹੀਨੇ ਦੁਸ਼ਯੰਤ ਤੇ ਉਸ ਦੇ ਭਰਾ ਦਿਗਵਿਜੈ ਚੌਟਾਲਾ ਨੂੰ ਪਾਰਟੀ ਵਿਚੋਂ ਕੱਢ ਦਿਤਾ ਗਿਆ ਸੀ। ਦੋਹਾਂ ਦੇ ਪਿਤਾ ਤੇ ਓਪੀ ਚੌਟਾਲਾ ਦੇ ਵੱਡੇ ਪੁੱਤਰ ਅਜੈ ਚੌਟਾਲਾ ਨੇ ਜੇਲ ਵਿਚੋਂ ਬਾਹਰ ਆ ਕੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਨੂੰ ਦੁਸ਼ਯੰਤ ਨੇ ਪੂਰਾ ਕਰ ਦਿਤਾ ਹੈ। (ਪੀ.ਟੀ.ਆਈ)