ਕਿਸਾਨੀ ਮੋਰਚੇ ’ਚ ਅੰਬਾਨੀ-ਅਡਾਨੀ ਦੀ ਖੇਡ ਨੂੰ ਬਿਆਨ ਕਰਦਾ ਨਾਟਕ ‘ਸਿੱਧਾ ਰਾਹ, ਵਿੰਗਾ ਬੰਦਾ’ ਖੇਡਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੰਗਮੰਚ ਕਲਾਕਾਰਾਂ ਨੇ ਕਿਸਾਨਾਂ ਦੇ ਸੰਘਰਸ਼ ਚ ਪਾਇਆ ਯੋਗਦਾਨ

Drama

ਨਵੀਂ ਦਿੱਲੀ- ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਵੱਖ-ਵੱਖ ਵਰਗਾਂ ਦੇ ਨਾਲ ਕਲਾਕਾਰਾਂ ਦਾ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ। ਰੰਗਮੰਚ ਕਲਾਕਾਰ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਆ ਗਏ ਹਨ।

ਇਸੇ ਕੜੀ ਤਹਿਤ ਸਾਰਥਕ ਰੰਗਮੰਚ ਪਟਿਆਲਾ ਦੇ ਕਲਾਕਾਰਾਂ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਪ੍ਰੋ. ਅਜਮੇਰ ਸਿੰਘ ਔਲਖ ਦਾ ਨਾਟਕ ਸਿੱਧਾ ਰਾਹ ਵਿੰਗਾ ਬੰਦਾ ਪੇਸ਼ ਕੀਤਾ ਗਿਆ।

ਬੁਰਜੂਆ ਨਿਜਾਮ ਦੇ ਚਾਰ ਵਿੰਗ ਤੜਿੰਗੇ ਤੇ ਆਦਮਖੋਰ ਕਿਰਦਾਰਾਂ ਵੱਲੋਂ ਆਪਣੀਆਂ ਕੁਰਸੀਆਂ ਕਾਇਮ ਰੱਖਣ ਲਈ ਕਿਸ ਤਰ੍ਹਾਂ ਆਮ ਲੋਕਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਤੇ ਅਪਣੇ ਆਕਾਵਾਂ ਨੂੰ ਖੁਸ਼ ਰੱਖਣ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ।

ਕਲਾਕਾਰਾਂ ਨੇ ਅੰਬਾਨੀਆਂ-ਅਡਾਨੀਆਂ ਦੀ ਹਰ ਚਾਲ ਨੂੰ ਨਾਟਕ ਰਾਹੀਂ ਲੋਕਾਂ ਸਾਹਮਣੇ ਪੇਸ਼ ਕੀਤਾ। ਜਦੋਂ ਜਦੋਂ ਵੀ ਲੋਕ ਲਹਿਰਾਂ ਉਠਦੀਆਂ ਹਨ ਉਸ ਨੂੰ ਕਿਸ ਤਰ੍ਹਾਂ ਬਦਨਾਮ ਕਰਕੇ ਦਬਾਅ ਦਿੱਤਾ ਜਾਂਦਾ ਹੈ ਪਰ ਹਿੰਮਤੀ ਯੋਧੇ ਤਸ਼ੱਦਦ ਸਹਾਰ ਕੇ ਵੀ ਕਿਸ ਤਰਾਂ ਚਾਨਣ ਦਾ ਛਿੱਟਾ ਦਿੰਦੇ ਹਨ.............

                                                                ਐ ਚਾਨਣ ਦੇ ਕਾਤਲੋ, ਕਿਉਂ ਭੁੱਲਾਂ ਕਰਦੇ।
                                                             ਲੱਖਾਂ ਸੂਰਜ ਨੂੜ ਲਓ, ਇਨ੍ਹਾਂ ਰਹਿਣਾ ਚੜ੍ਹਦੇ।

ਦੇ ਬੋਲਾਂ ਨਾਲ ਜਦੋਂ ਨਾਟਕ ਖ਼ਤਮ ਹੋਇਆ ਤਾਂ ਤਾੜੀਆਂ ਅਤੇ ਇਨਕਲਾਬ ਜਿੰਦਾਬਾਦ ਦੇ ਨਾਹਰਿਆਂ ਨਾਲ ਆਲਾ ਦੁਆਲਾ ਗੂੰਜ ਉੱਠਿਆ।