ਜੇ ਕਾਂਗਰਸ ਪਹਿਲਾਂ ਆਬਾਦੀ ਕੰਟਰੋਲ ਬਿੱਲ ਲੈ ਆਉਂਦੀ ਤਾਂ ਅੱਜ ਮੇਰੇ 4 ਬੱਚੇ ਨਾ ਹੁੰਦੇ - ਭਾਜਪਾ MP ਰਵੀ ਕਿਸ਼ਨ
ਮੇਰੇ 4 ਬੱਚਿਆਂ ਲਈ ਕਾਂਗਰਸ ਜ਼ਿੰਮੇਵਾਰ -ਰਵੀ ਕਿਸ਼ਨ
ਨਵੀਂ ਦਿੱਲੀ - ਦੇਸ਼ ਵਿਚ ਵਧਦੀ ਆਬਾਦੀ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਇਸ ਦੌਰਾਨ ਗੋਰਖਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਰਵੀ ਕਿਸ਼ਨ ਨੇ ਵਧਦੀ ਆਬਾਦੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇ ਆਬਾਦੀ ਕੰਟਰੋਲ 'ਤੇ ਕਾਨੂੰਨ ਬਣਾਇਆ ਹੁੰਦਾ ਤਾਂ ਮੇਰੇ 4 ਬੱਚੇ ਨਾ ਹੁੰਦੇ। ਜਦੋਂ ਮੈਂ ਚਾਰ ਬੱਚਿਆਂ ਬਾਰੇ ਸੋਚਦਾ ਹਾਂ ਤਾਂ ਮੈਨੂੰ ਤਰਸ ਆਉਂਦਾ ਹੈ। ਰਵੀ ਕਿਸ਼ਨ ਨੇ ਅੱਗੇ ਕਿਹਾ ਕਿ ਇਹ ਕਾਂਗਰਸ ਦਾ ਕਸੂਰ ਹੈ। ਸਰਕਾਰ ਉਹਨਾਂ ਕੋਲ ਸੀ ਤੇ ਕਾਨੂੰਨ ਵੀ ਉਹਨਾਂ ਨੇ ਬਣਾਉਣਾ ਸੀ। ਸਾਨੂੰ ਪਤਾ ਨਹੀਂ ਸੀ। ਅਸੀਂ ਸੁਚੇਤ ਨਹੀਂ ਸੀ ਅਸੀਂ ਬੱਚੇ ਸੀ ਤੇ ਖੇਡਦੇ ਕੁੱਦਦੇ ਹੋਏ ਜ਼ਿੰਦਗੀ ਦੀ ਅਗੜਾਈ ਲੈਂਦੇ ਸੀ।
ਬੀਜੇਪੀ ਸੰਸਦ ਰਵੀ ਕਿਸ਼ਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਆਬਾਦੀ ਕੰਟਰੋਲ ਕਾਨੂੰਨ ਬਣਾਉਣ ਲਈ ਇੱਕ ਬਿੱਲ ਪੇਸ਼ ਕੀਤਾ।
ਇੱਕ ਨਿੱਜੀ ਇੰਟਰਵਿਊ ਵਿਚ ਜਦੋਂ ਰਵੀ ਕਿਸ਼ਨ ਤੋਂ ਉਨ੍ਹਾਂ ਦੇ 4 ਬੱਚਿਆਂ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫਿਲਮ ਇੰਡਸਟਰੀ ਦੇ ਪਹਿਲੇ 15 ਸਾਲਾਂ ਵਿਚ ਲੋਕਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ। ਮੈਨੂੰ ਉਸ ਸਮੇਂ ਪਤਾ ਸੀ ਕਿ ਪੈਸੇ ਬਾਅਦ ਵਿਚ ਆਉਣਗੇ।
ਮੈਂ ਇੰਡਸਟਰੀ ਵਿਚ ਸੰਘਰਸ਼ ਕਰ ਰਿਹਾ ਸੀ। ਸ਼ੂਟਿੰਗ ਕਰ ਰਿਹਾ ਸੀ ਇਸੇ ਦੌਰਾਨ ਤੀਜਾ ਬੱਚਾ, ਚੌਥਾ ਬੱਚਾ ਆ ਗਿਆ। ਅੱਜ ਜਦੋਂ ਪਰਿਪੱਕਤਾ ਆਈ ਹੈ ਅਤੇ ਮੈਂ ਉਨ੍ਹਾਂ ਨੂੰ ਦੇਖਦਾ ਹਾਂ, ਮੈਂ ਉਦਾਸ ਮਹਿਸੂਸ ਕਰਦਾ ਹਾਂ।
ਰਵੀ ਕਿਸ਼ਨ ਦੇ ਇਸ ਇੰਟਰਵਿਊ 'ਚ ਉਨ੍ਹਾਂ ਨਾਲ ਭਾਜਪਾ ਸੰਸਦ ਮਨੋਜ ਤਿਵਾੜੀ ਵੀ ਸਨ। ਉਹ ਤੀਜੇ ਬੱਚੇ ਦੇ ਪਿਤਾ ਬਣਨ ਜਾ ਰਹੇ ਹਨ। ਇਸ ਨੂੰ ਲੈ ਕੇ ਕੁੱਝ ਦਿਨ ਪਹਿਲਾਂ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ ਸੀ। ਇੰਟਰਵਿਊ ਵਿਚ ਉਹਨਾਂ ਤੋਂ ਤੀਜੇ ਬੱਚੇ ਬਾਰੇ ਵੀ ਸਵਾਲ ਕੀਤਾ ਗਿਆ ਸੀ, ਤਾਂ ਉਹਨਾਂ ਨੇ ਕਿਹਾ ਕਿ ਜੇਕਰ ਅਤੀਤ ਵਿਚ ਕੋਈ ਗਲਤੀ ਹੋਈ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਭਵਿੱਖ ਵਿੱਚ ਵੀ ਗਲਤੀਆਂ ਕਰਦੇ ਰਹਾਂਗੇ।
ਇਸ ਦੌਰਾਨ ਰਵੀ ਕਿਸ਼ਨ ਨੇ ਉਹਨਾਂ ਨੂੰ ਰੋਕਿਆ। ਰਵੀ ਨੇ ਕਿਹਾ ਕਿ ਇਹ ਕੋਈ ਗਲਤੀ ਨਹੀਂ ਸੀ ਅਤੇ ਅਸੀਂ ਇਸ ਨੂੰ ਗਲਤੀ ਨਹੀਂ ਮੰਨਾਂਗੇ। ਜੇਕਰ ਕਾਂਗਰਸ ਨੇ ਕਾਨੂੰਨ ਬਣਾਇਆ ਹੁੰਦਾ ਤਾਂ ਅਸੀਂ ਬੱਚੇ ਨਹੀਂ ਕਰਦੇ।