ਭਾਰਤ ਦਾ ਸੱਭ ਤੋਂ ਅਮੀਰ ਪਿੰਡ, ਹਰ ਘਰ 'ਚ ਹੈ ਐਨਆਈਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਪਿੰਡ ਵਿਚ ਆਯੁਰਵੈਦਿਕ ਹਸਪਤਾਲ, ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਸਕੂਲ ਆਦਿ ਵੀ ਮਿਲ ਜਾਣਗੇ।

Dharmaj Village

ਗੁਜਰਾਤ : ਇਥੇ ਦੇ ਆਨੰਦ ਜ਼ਿਲ੍ਹੇ ਦੇ ਧਰਮਜ ਪਿੰਡ ਦੀਆਂ ਤਸਵੀਰਾਂ ਦੇਖ ਕੇ ਹਰੇਕ ਦੇ ਮਨ ਵਿਚ ਇਕ ਖਿਆਲ ਜ਼ਰੂਰ ਆਉਂਦਾ ਹੈ ਕਿ ਇਹ ਕੋਈ ਪਿੰਡ ਹੈ ਜਾਂ ਸ਼ਹਿਰ। ਇਸ ਪਿੰਡ ਨੂੰ ਭਾਰਤ ਦਾ ਸੱਭ ਤੋਂ ਅਮੀਰ ਪਿੰਡ ਵੀ ਕਿਹਾ ਜਾਂਦਾ ਹੈ। ਇਥੇ ਸਾਰੇ ਰਸਤੇ ਪੱਕੇ ਅਤੇ ਸਾਫ ਸੁਥਰੇ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਇਥੇ ਮੈਕਡੌਨਲਡ ਸਮੇਤ ਕਈ ਵੱਡੇ ਰੈਸਟੋਰੇਂਟ ਵੀ ਨਜ਼ਰ ਆਉਂਦੇ ਹਨ। ਇਸ ਪਿੰਡ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਐਨਆਈਆਰ ਦਾ ਪਿੰਡ ਵੀ ਕਿਹਾ ਜਾਂਦਾ ਹੈ

ਕਿਉਂਕਿ ਲਗਭਗ ਹਰ ਘਰ ਦਾ ਵਿਅਕਤੀ ਵਿਦੇਸ਼ ਵਿਚ ਗਿਆ ਹੋਇਆ ਹੈ। ਇਸ ਪਿੰਡ ਦੋ ਲੋਕ ਦੱਸਦੇ ਹਨ ਕਿ ਪਿੰਡ ਦੇ ਹਜ਼ਾਰਾਂ ਲੋਕ ਕਨਾਡਾ, ਅਮਰੀਕਾ ਅਤੇ ਬ੍ਰਿਟੇਨ ਜਿਹੇ ਮੁਲਕਾਂ ਵਿਚ ਮਿਲ ਜਾਣਗੇ। ਧਰਮਜ ਪਿੰਡ ਦੀ ਅਬਾਦੀ ਲਗਭਗ 12 ਹਜ਼ਾਰ ਹੈ, ਪਰ ਇਥੇ 12 ਤੋਂ ਵੀ ਵੱਧ ਨਿਜੀ ਅਤੇ ਸਰਕਾਰੀ ਬੈਂਕ ਮਿਲ ਜਾਣਗੇ। ਅਜਿਹਾ ਨਹੀਂ ਹੈ ਕਿ ਇਹ ਬੈਂਕ ਖਾਲੀ ਰਹਿੰਦੇ ਹਨ, ਕਿਉਂਕਿ ਇਥੇ ਦੇ ਲੋਕਾਂ ਦੇ ਖਾਤੇ ਵਿਚ ਕਰੋੜਾਂ ਰੁਪਇਆਂ ਦੀ ਰਕਮ ਜਮ੍ਹਾਂ ਮਿਲ ਜਾਵੇਗੀ।

ਇਸ ਪਿੰਡ ਵਿਚ ਆਯੁਰਵੈਦਿਕ ਹਸਪਤਾਲ, ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਸਕੂਲ ਆਦਿ ਵੀ ਮਿਲ ਜਾਣਗੇ। ਸਵੀਮਿੰਗ ਪੂਲ ਵਾਲੇ ਸ਼ਾਨਦਾਰ ਘਰ ਵੀ ਇਸ ਪਿੰਡ ਵਿਚ ਮੌਜੂਦ ਹਨ। ਧਰਮਜ ਪਿੰਡ ਵਿਚ ਪਾਟੀਦਾਰ ਸਮਾਜ ਦੇ ਲੋਕ ਸੱਭ ਤੋਂ ਜਿਆਦਾ ਰਹਿੰਦੇ ਹਨ। ਇਸ ਤੋਂ ਇਲਾਵਾ ਬ੍ਰਾਹਮਣ, ਦਲਿਤ ਅਤੇ ਬਾਣੀਏ ਸਮਾਜ ਦੇ ਲੋਕ ਵੀ ਇਥੇ ਮਿਲ ਜਾਣਗੇ।

ਇਥੇ ਦੀ ਸੱਭ ਤੋਂ ਮੁੱਖ ਗੱਲ ਇਹ ਹੈ ਕਿ ਵਿਦੇਸ਼ ਵਿਚ ਰਹਿੰਦੇ ਲੋਕ ਅਪਣੇ ਪਿੰਡ ਦੇ ਵਿਕਾਸ ਲਈ ਪੈਸੇ ਭੇਜਦੇ ਰਹਿੰਦੇ ਹਨ। ਇਸ ਪਿੰਡ ਵਿਚ ਹਰ ਸਾਲ 12 ਜਨਵਰੀ ਨੂੰ ਧਰਮਜ ਦਿਵਸ ਵੀ ਮਨਾਇਆ ਜਾਂਦਾ ਹੈ । ਇਸ ਵਾਰ ਵੀ ਦੁਨੀਆਂ ਭਰ ਤੋਂ ਧਰਮਜ ਪਿੰਡ ਦੇ ਲੋਕ ਇਥੇ ਧਰਮਜ ਦਿਵਸ ਮਨਾਉਣ ਲਈ ਆਉਣਗੇ।