ਹਰਿਆਣਾ ਦੇ ਵਿਧਾਇਕ ਅਭੈ ਚੌਟਾਲਾ ਨੇ ਦਿਤਾ ਅਸਤੀਫਾ, ਚਾਚਾ ਤੇ ਭਤੀਜੇ ਨੂੰ ਵੀ ਦਿਤੀ ਨਸੀਹਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਤੀਜੇ ਦੁਸ਼ਯੰਤ ਤੇ ਚਾਚੇ ਰਣਜੀਤ ਨੂੰ ਵੰਗਾਰਿਆ, ਮੁਖ ਮੰਤਰੀ ‘ਤੇ ਵੀ ਚੁਕੇ ਸਵਾਲ

Abhay Chautala

ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਦਬਾਅ ਵਧਦਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਸਖਤ ਤੇਵਰਾਂ ਤੋਂ ਬਾਅਦ ਸੱਤਾਧਾਰੀ ਧਿਰ ਦੀਆਂ ਮੁਸ਼ਕਲਾਂ ਵਧਣਾ ਤੈਅ ਹਨ। ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਲਈ ਭਾਜਪਾ ਦੇ ਭਾਈਵਾਲਾ ਵਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਮੁੱਖ ਜਨਰਲ ਸਕੱਤਰ ਅਤੇ ਏਲਨਾਬਾਦ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਆਪਣਾ ਅਸਤੀਫਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੂੰ ਸੌਂਪ ਦਿੱਤਾ ਹੈ। ਅਸਤੀਫੇ ਵਿਚ ਅਭੈ ਚੌਟਾਲਾ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਨੂੰ 26 ਜਨਵਰੀ ਤਕ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ, ਨਹੀਂ ਤਾਂ 27 ਜਨਵਰੀ ਤੋਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਜਾਵੇ।

ਆਪਣੇ ਹਲਕੇ ਏਲਨਾਬਾਦ ਦੇ ਪਿੰਡ ਬਰਸਰੀ ਵਿਚ ਪਿੰਡ ਵਾਸੀਆਂ ਵਿਚ ਮੌਜੂਦ ਅਭੈ ਸਿੰਘ ਨੇ ਅਸਤੀਫੇ 'ਤੇ ਦਸਤਖਤ ਕੀਤੇ। ਅਭੈ ਸਿੰਘ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਆਪਣੇ ਭਤੀਜੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਚਾਚਾ ਰਣਜੀਤ ਸਿੰਘ ਜੋ ਬਿਜਲੀ ਮੰਤਰੀ ਹਨ, ‘ਤੇ ਵੀ ਹਮਲਾ ਬੋਲਿਆ। ਵਿਧਾਇਕ ਅਭੈ ਚੌਟਾਲਾ ਨੇ ਕਰਨਾਲ ਦੇ ਕਮਲਾ ਪਿੰਡ ਵਿੱਚ ਹੋਏ ਵਿਕਾਸ ਲਈ ਮੁੱਖ ਮੰਤਰੀ ਨੂੰ ਘੇਰਿਆ।

ਅਭੈ ਚੌਟਾਲਾ ਨੇ ਕਿਹਾ ਕਿ ਉਹ ਚੌਧਰੀ ਦੇਵੀਲਾਲ ਦੇ ਵੰਸ਼ ਵਿਚੋਂ ਹਨ। ਚੌਧਰੀ ਦੇਵੀਲਾਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਵੀ ਤਿਆਗ ਦਿਤਾ ਸੀ। ਅੱਜ ਉਸ ਨੇ ਵੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਭੈ ਚੌਟਾਲਾ ਨੇ ਸਰਕਾਰ ਵਿੱਚ ਆਪਣੇ ਭਤੀਜੇ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਚਾਚੇ ਬਿਜਲੀ ਮੰਤਰੀ ਰਣਜੀਤ ਸਿੰਘ ਬਾਰੇ ਵੀ ਟਿੱਪਣੀ ਕੀਤੀ।

ਉਨ੍ਹਾਂ ਕਿਹਾ ਕਿ ਜੋ ਲੋਕ ਅੱਜ ਭਾਜਪਾ ਸਰਕਾਰ ਨਾਲ ਚਿੰਬੜੇ ਹੋਏ ਹਨ ਤੇ ਆਪਣੇ ਆਪ ਨੂੰ ਚੌਧਰੀ ਦੇਵੀਲਾਲ ਦੀ ਔਲਾਦ ਕਹਿ ਰਹੇ ਹਨ, ਉਹ ਦਰਅਸਲ ਚੌਧਰੀ ਦੇਵੀ ਲਾਲ ਦੇ ਰੂਪ ਨਹੀਂ ਬਲਕਿ ਭੂਤ ਹਨ। ਦੱਸਣਯੋਗ ਹੈ ਕਿ ਅਭੈ ਚੌਟਾਲਾ ਦੇ ਚਾਚਾ ਅਤੇ ਭਤੀਜਾ ਹਰਿਆਣਾ ਦੀ ਭਾਜਪਾ ਸਰਕਾਰ ਅੰਦਰ ਅਹਿਮ ਭੂਮਿਕਾਵਾਂ ਵਿਚ ਹਨ। ਇਨ੍ਹਾਂ ਦੇ ਭਤੀਜਾ ਦੁਸ਼ਵੰਤ ਚੌਟਾਲਾ ਉਪ ਮੁੱਖ ਮੰਤਰੀ ਅਤੇ ਚਾਚਾ ਰਣਜੀਤ ਸਿੰਘ ਬਿਜਲੀ ਮੰਤਰੀ ਵਜੋਂ ਕਾਰਜਸ਼ੀਲ ਹਨ। ਕਿਸਾਨ ਜਥੇਬੰਦੀਆਂ ਵਲੋਂ ਇਨ੍ਹਾਂ ਆਗੂਆਂ 'ਤੇ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਕਿਸਾਨਾਂ ਦੇ ਹੱਕ ਵਿਚ ਖਲੋਣ ਲਈ ਦਬਾਅ ਪਾਇਆ ਜਾ ਰਿਹਾ ਹੈ।