ਕਿਸਾਨਾਂ ਦੇ ਵਧਦੇ ਗੁੱਸੇ ਤੋਂ ਭਾਜਪਾ ਆਗੂਆਂ ਵਿਚ ਘਬਰਾਹਟ, ਬੀਤੇ ਦਿਨ ਦੀਆਂ ਘਟਨਾਵਾਂ ਨੇ ਵਧਾਈ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

​ਗਰੇਵਾਲ ਤੇ ਜਿਆਣੀ ਦੇ ਸਮਾਜਿਕ ਬਾਈਕਾਟ ਦੇ ਐਲਾਨ ਮਗਰੋਂ ਪਿੰਡਾਂ ਵਿਚ ਵਿਰੋਧ ਵਧਣਾ ਤੈਅ

Harjit Grewal, Surjit Jayani

ਨਵੀਂ ਦਿੱਲੀ : ਦਿੱਲੀ ਦੀਆਂ ਸਰਹੱਦਾਂ ਤੇ ਸਰਦ-ਰਾਤਾਂ ਵਿਚ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਸਬਰ ਦਾ ਪਿਆਲਾ ਹੁਣ ਛਲਕਣ ਲੱਗਾ ਹੈ। ਧਰਨਾ ਸਥਾਨਾਂ ਤੋਂ ਰੋਜ਼ਾਨਾ ਦੋ-ਦਿਨ ਲਾਸ਼ਾਂ ਵਾਪਸ ਪਰਤਣ ਦੇ ਵਰਤਾਰੇ ਬਾਅਦ ਕਿਸਾਨਾਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਦੂਜੇ ਪਾਸੇ ਭਾਜਪਾ ਆਗੂਆਂ ਦੇ ਬਿਆਨ ਬਲਦੀ ਤੇ ਤੇਲ ਦਾ ਕੰਮ ਕਰ  ਰਹੇ ਹਨ। ਬੀਤੇ ਦਿਨ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਅਤੇ ਪੰਜਾਬ ਦੇ ਜਲੰਧਰ ਵਿਖੇ ਵਾਪਰੀਆਂ ਘਰਨਾਵਾਂ ਇਸੇ ਵੱਲ ਇਸ਼ਾਰਾ ਕਰਦੀਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਵਲੋਂ ‘ਮਹਾਂ ਕਿਸਾਨ ਪੰਚਾਇਤ’ ਸਮਾਗਮ ਹਲ ਹਾਲ ਕਰਨ ਸਬੰਧੀ ਦਿੱਤੇ ਬਿਆਨ ਅਤੇ ਪੰਜਾਬ ਅੰਦਰ ਭਾਜਪਾ ਆਗੂਆਂ ਵਲੋਂ ਕਿਸਾਨਾਂ ਦੀ ਚਿਤਾਵਨੀ ਦੇ ਬਾਵਜੂਦ ਮੀਟਿੰਗ ਕਰਨ ਦੀ ਜਿੰਦ ਨੇ ਕਿਸਾਨਾਂ ਦੇ ਗੁੱਸੇ ਨੂੰ ਭੜਕਾਉਣ ਦਾ ਕੰਮ ਕੀਤਾ ਹੈ। ਹੁਣ ਜਦੋਂ ਦੋਵਾਂ ਥਾਵਾਂ ਤੇ ਕਿਸਾਨ ਕੰਟਰੋਲ ਤੋਂ ਬਾਹਰ ਹੋ ਗਏ ਹਨ ਤਾਂ ਭਾਜਪਾ ਆਗੂ ਖੁਦ ਮੌਕੇ ਦੀ ਨਜ਼ਾਕਤ ਨੂੰ ਸਮਝਣ ਦੀ ਥਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਿਰੋਧੀ ਧਿਰਾਂ ਤੇ ਕਿਸਾਨਾਂ ਨੂੰ ਭੜਕਾਉਣ ਦਾ ਦੋਸ਼ ਲਾ ਰਹੇ ਹਨ।

ਭਾਜਪਾ ਆਗੂਆਂ ਦੇ ਵਤੀਰੇ ਨੂੰ ਵੇਖਦਿਆਂ ਸੰਯੁਕਤ ਕਿਸਾਨ ਮੋਰਚੇ ਨਾ ਭਾਜਪਾ ਦੇ ਪੰਜਾਬ ਨਾਲ ਸਬੰਧਤ ਦੋ ਆਗੂਆਂ ਹਰਜੀਤ ਗਰੇਵਾਲ ਤੇ ਸੁਰਜੀਤ ਜਿਆਣੀ ਖਿਲਾਫ ਸਖਤ ਰੁਖ ਅਪਨਾਉਂਦਿਆਂ ਉਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕਰ ਦਿਤਾ ਹੈ। ਇਸ ਤੋਂ ਬਾਅਦ ਭਾਜਪਾ ਆਗੂਆਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਹੋਣਾ ਤੈਅ ਹੈ। ਇਸ ਨੂੰ ਲੈ ਕੇ ਭਾਜਪਾ ਆਗੂਆਂ ਵਿਚ ਘਬਰਾਹਟ ਪਾਈ ਜਾ ਰਹੀ ਹੈ।

ਕਿਸਾਨ ਯੂਨੀਅਨਾਂ ਮੁਤਾਬਕ ਜਿਆਣੀ ਤੇ ਗਰੇਵਾਲ ਵਲੋਂ ਕਿਸਾਨ ਅੰਦੋਲਨ ਸਬੰਧੀ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਲਈ ਇਨ੍ਹਾਂ ਦੋਵਾਂ ਆਗੂਆਂ ਦੇ ਸਮਾਜਿਕ ਬਾਈਕਾਟ ਤੇ ਉਨ੍ਹਾਂ ਦੇ ਪੰਜਾਬ ਵਿਚ ਦਾਖ਼ਲ ਹੋਣ ’ਤੇ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਇਸ ਵੇਲੇ ਜਿਹੜਾ ਵੀ ਆਗੂ ਆਪਣੇ ਸਮਾਜਿਕ ਭਾਈਚਾਰੇ ਨਾਲ ਨਹੀਂ ਖੜ੍ਹਾ ਹੋ ਸਕਦਾ, ਉਸ ਦਾ ਬਾਈਕਾਟ ਕਰਨਾ ਹੀ ਸਹੀ ਹੈ।

ਉਧਰ, ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਸਾਨਾਂ ਦੇ ਫੈਸਲੇ ਨੂੰ ਗੈਰਕਾਨੂੰਨੀ ਤੇ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਇਹ ਫ਼ੈਸਲਾ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਹੈ। ਜਮਹੂਰੀਅਤ ਵਿਚ ਸਾਰੀਆਂ ਧਿਰਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੁੰਦਾ ਹੈ, ਜਿਸ ਕਾਰਨ ਸਮਾਜਿਕ ਬਾਈਕਾਟ ਜਿਹੀਆਂ ਗੱਲਾਂ ਕਰਨਾ ਠੀਕ ਨਹੀਂ ਹੈ।

ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਪੂਰਨ ਜ਼ਾਬਤੇ ਵਿਚ ਰਹਿ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਪੰਜਾਬ ਤੋਂ ਬਾਅਦ ਪਿਛਲੇ 47 ਦਿਨਾਂ ਤੋਂ ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਸਰਦ ਮੌਸਮ ਵਿਚ ਸੰਘਰਸ਼ ਕਰ ਰਹੇ ਹਨ। ਹੁਣ ਤਕ 70 ਤੋਂ ਵਧੇਰੇ ਕਿਸਾਨ ਆਪਣੀ ਜਾਨ ਗੁਆ ਚੁਕੇ ਹਨ। ਇਸ ਦੇ ਬਾਵਜੂਦ ਭਾਜਪਾ ਆਗੂ ਕਿਸਾਨਾਂ ਦੀਆਂ ਭਾਵਨਾਵਾਂ ਸਮਝਣ ਦੀ ਥਾਂ ਭੜਕਾਊ ਬਿਆਨਬਾਜ਼ੀ ਤੋਂ ਬਾਜ ਨਹੀਂ ਆ ਰਹੇ। ਅਜਿਹੇ ਵਿਚ ਕਿਸਾਨ ਜਥੇਬੰਦੀਆਂ ਕੋਲ ਇਨ੍ਹਾਂ ਆਗੂਆਂ ਖਿਲਾਫ ਸਖਤ ਕਦਮ ਚੁਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।