ਦਿੱਲੀ 'ਚ ਆਟੋ ਰਿਕਸ਼ਾ ਤੇ ਟੈਕਸੀ ਰਾਹੀਂ ਸਫ਼ਰ ਹੋਇਆ ਮਹਿੰਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੋਟੀਫ਼ਿਕੇਸ਼ਨ ਜਾਰੀ, ਨਵੀਆਂ ਦਰਾਂ 9 ਜਨਵਰੀ ਤੋਂ ਲਾਗੂ 

Representational Image

 

ਨਵੀਂ ਦਿੱਲੀ - ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਤਿੰਨ ਪਹੀਆ ਵਾਹਨਾਂ (ਆਟੋ ਰਿਕਸ਼ਾ) ਅਤੇ ਟੈਕਸੀ ਦੇ ਕਿਰਾਏ ਵਿੱਚ ਵਾਧਾ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ 'ਚ ਆਟੋ ਅਤੇ ਟੈਕਸੀ 'ਚ ਸਫ਼ਰ ਕਰਨਾ ਮਹਿੰਗਾ ਹੋ ਗਿਆ ਹੈ।

ਨਵੇਂ ਕਿਰਾਏ ਅਨੁਸਾਰ ਆਟੋ ਰਿਕਸ਼ਾ ਵਿੱਚ ਪਹਿਲੇ 1.5 ਕਿਲੋਮੀਟਰ ਲਈ ਮੀਟਰ ਡਾਊਨ (ਘੱਟੋ-ਘੱਟ ਕਿਰਾਇਆ) ਫ਼ੀਸ 25 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਪ੍ਰਤੀ ਕਿਲੋਮੀਟਰ ਕਿਰਾਇਆ 9.5 ਰੁਪਏ ਤੋਂ ਵਧਾ ਕੇ 11 ਰੁਪਏ ਕਰ ਦਿੱਤਾ ਗਿਆ ਹੈ।

ਨਵੀਆਂ ਦਰਾਂ 9 ਜਨਵਰੀ ਤੋਂ ਲਾਗੂ ਹੋ ਗਈਆਂ ਹਨ।

ਆਟੋ ਰਿਕਸ਼ਾ ਲਈ ਉਡੀਕ ਅਤੇ ਰਾਤ ਦੀ ਫ਼ੀਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਪਰ ਵਾਧੂ ਸਮਾਨ ਦਾ ਕਿਰਾਇਆ 7.50 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ।

ਟੈਕਸੀਆਂ ਵਿਚ ਏਅਰ ਕੰਡੀਸ਼ਨਡ ਅਤੇ ਗ਼ੈਰ-ਏਅਰ ਕੰਡੀਸ਼ਨਡ ਵਾਹਨਾਂ ਲਈ ਪਹਿਲੇ ਕਿਲੋਮੀਟਰ ਦਾ ਮੌਜੂਦਾ ਕਿਰਾਇਆ 25 ਰੁਪਏ ਤੋਂ ਵਧ ਕੇ 40 ਰੁਪਏ ਹੋ ਗਿਆ ਹੈ। ਮੀਟਰ ਡਾਊਨ ਤੋਂ ਬਾਅਦ ਨਾਨ-ਏਸੀ ਵਾਹਨਾਂ ਲਈ ਪ੍ਰਤੀ ਕਿਲੋਮੀਟਰ ਕਿਰਾਇਆ 14 ਰੁਪਏ ਤੋਂ ਵਧਾ ਕੇ 17 ਰੁਪਏ ਅਤੇ ਏਸੀ ਵਾਹਨਾਂ ਲਈ 16 ਰੁਪਏ ਤੋਂ ਵਧਾ ਕੇ 20 ਰੁਪਏ ਕਰ ਦਿੱਤਾ ਗਿਆ ਹੈ।

ਰਾਤ ਦੇ ਖ਼ਰਚੇ (25 ਰੁਪਏ) ਵਿੱਚ ਕੋਈ ਬਦਲਾਅ ਨਹੀਂ ਹੈ। ਉਡੀਕ ਖ਼ਰਚਾ ਸਿਰਫ 30 ਰੁਪਏ ਹੈ ਅਤੇ 15 ਮਿੰਟ ਬਾਅਦ, 1 ਰੁਪਏ ਪ੍ਰਤੀ ਮਿੰਟ ਵਜੋਂ ਵਸੂਲਿਆ ਜਾਵੇਗਾ। ਵਾਧੂ ਸਮਾਨ ਦੀ ਫ਼ੀਸ 10 ਰੁਪਏ ਤੋਂ ਵਧਾ ਕੇ 15 ਰੁਪਏ ਕਰ ਦਿੱਤੀ ਗਈ ਹੈ।

ਜਿੱਥੇ ਆਟੋ ਰਿਕਸ਼ਾ ਦੇ ਕਿਰਾਏ ਨੂੰ ਆਖਰੀ ਵਾਰ 2020 ਵਿੱਚ ਸੋਧਿਆ ਗਿਆ ਸੀ, ਟੈਕਸੀ ਕਿਰਾਏ ਵਿੱਚ ਸੋਧ 9 ਸਾਲ ਪਹਿਲਾਂ 2013 ਵਿੱਚ ਕੀਤੀ ਗਈ ਸੀ। 

ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ 17 ਦਸੰਬਰ, 2022 ਨੂੰ ਉਪ-ਰਾਜਪਾਲ ਵੀ.ਕੇ. ਸਕਸੈਨਾ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਆਟੋ ਰਿਕਸ਼ਾ ਅਤੇ ਟੈਕਸੀ ਦੇ ਕਿਰਾਏ ਵਿੱਚ ਵਾਧੇ ਨੂੰ ਸੂਚਿਤ ਕਰਨ ਲਈ ਇੱਕ ਫ਼ਾਈਲ ਭੇਜੀ ਸੀ।

ਰਾਸ਼ਟਰੀ ਰਾਜਧਾਨੀ ਵਿੱਚ ਸੀ.ਐਨ.ਜੀ. ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਕਿਰਾਇਆ ਵਧਾਉਣ ਲਈ ਬਣਾਈ ਗਈ ਇੱਕ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਦਿੱਲੀ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਮਨਜ਼ੂਰੀ ਦਿੱਤੀ ਸੀ।

ਆਟੋ ਰਿਕਸ਼ਾ ਅਤੇ ਟੈਕਸੀ ਯੂਨੀਅਨਾਂ ਦੇ ਕਈ ਨੁਮਾਇੰਦਿਆਂ ਨੇ ਕਿਰਾਏ ਵਿੱਚ ਵਾਧੇ ਦੇ ਮੁੱਦੇ 'ਤੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨਾਲ ਮੁਲਾਕਾਤ ਕੀਤੀ ਸੀ।