ਇਸ ਕੂੜਾਦਾਨ 'ਚ ਕੂੜਾ ਪਾਉਣ 'ਤੇ ਮਿਲਣਗੇ ਪੈਸੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਮਸ਼ੀਨ ਕੂੜੇ ਦਾ ਭਾਰ ਤੋਲੇਗੀ ਅਤੇ ਭਾਰ ਦੇ ਹਿਸਾਬ ਨਾਲ ਮਿਲਣ ਵਾਲਾ ਪੈਸਾ ਸਿੱਧਾ ਬੈਂਕ ਦੇ ਖਾਤੇ ਵਿਚ ਜਮ੍ਹਾਂ ਕੀਤਾ ਜਾਵੇਗਾ।

Student Om Gupta with his teacher

ਨਵਸਾਰੀ : ਸੱਵਛ ਭਾਰਤ ਮੁਹਿੰਮ ਅਧੀਨ ਸਵੱਛਤਾ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਸੇ ਸੁਨੇਹੇ ਨੂੰ ਅੱਗੇ ਵਧਾਉਣ ਲਈ ਨਵਸਾਰੀ ਦੇ ਇਕ ਵਿਦਿਆਰਥੀ ਨੇ ਅਜਿਹਾ ਕੂੜਾਦਾਨ ਤਿਆਰ ਕੀਤਾ ਹੈ ਜਿਸ ਵਿਚ ਕੂੜਾ ਪਾਉਣ 'ਤੇ ਪੈਸੇ ਮਿਲਣਗੇ। ਨਵਸਾਰੀ ਦੇ ਪ੍ਰਾਈਮਰੀ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਓਮ ਗੁਪਤਾ ਨੇ ਅਜਿਹਾ ਕੂੜਾਦਾਨ ਬਣਾਇਆ ਹੈ ਜੋ ਤੁਹਾਡੇ ਘਰ ਦੇ ਕੂੜੇ ਤੋਂ ਆਮਦਨੀ ਪੈਦਾ ਕਰੇਗਾ।

ਅੱਠਵੀਂ ਜਮਾਤ ਦੇ ਵਿਦਿਆਰਥੀ ਓਮ ਗੁਪਤਾ ਨੇ ਅਪਣੇ ਸਿੱਖਿਅਕ ਮੇਹੁਲ ਪਟੇਲ ਦੇ ਨਾਲ ਮਿਲ ਕੇ ਇਸ ਕੂੜੇਦਾਨ ਨੂੰ ਤਿਆਰ ਕੀਤਾ ਹੈ। ਇਸ ਡਿਜ਼ੀਟਲ ਕੂੜੇਦਾਨ ਵਿਚ ਲੋਕ ਕਾਗਜ਼ ਅਤੇ ਪਲਾਸਟਿਕ ਦਾ ਕੂੜਾ ਹੀ ਪਾ ਸਕਣਗੇ। ਇਸ ਕੂੜੇਦਾਨ ਨੂੰ ਸਿਰਫ ਸਮਾਰਟ ਕਾਰਡ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ। ਇਹ ਮਸ਼ੀਨ ਕੂੜੇ ਦਾ ਭਾਰ ਤੋਲੇਗੀ ਅਤੇ ਭਾਰ ਦੇ ਹਿਸਾਬ ਨਾਲ ਮਿਲਣ

ਵਾਲਾ ਪੈਸਾ ਸਿੱਧਾ ਬੈਂਕ ਦੇ ਖਾਤੇ ਵਿਚ ਜਮ੍ਹਾਂ ਕੀਤਾ ਜਾਵੇਗਾ। ਇੰਨਾ ਹੀ ਨਹੀਂ ਕੂੜਾ ਪਾਉਣ ਵਾਲੇ ਦੇ ਫੋਨ ਦੇ ਨੰਬਰ ਦੀ ਪੂਰੀ ਜਾਣਕਾਰੀ ਵੀ ਮਿਲੇਗੀ। ਜੋ ਲੋਕ ਇਸ ਕੂੜੇਦਾਨ ਵਿਚ ਕੂੜਾ ਪਾਉਣਗੇ ਉਹਨਾਂ ਦਾ ਇਕ ਸਮਾਰਟ ਕਾਰਡ ਬਣੇਗਾ ਜਿਸ 'ਤੇ ਬਾਰ ਕੋਡ ਹੋਵੇਗਾ। ਇਸ ਦੀ ਮਦਦ ਨਾਲ ਕੂੜਾ ਪਾਉਣ ਵਾਲੇ ਦੇ ਘਰ ਦਾ ਨੰਬਰ, ਨਾਮ ਅਤੇ ਬੈਂਕ ਖਾਤਾ ਜੁੜਿਆ ਹੋਵਾਗਾ। 

ਜਿਵੇਂ ਹੀ ਕੂੜਾ ਕੂੜਾਦਾਨ ਵਿਚ ਪਵੇਗਾ ਉਸ ਦਾ ਭਾਰ ਨਜ਼ਰ ਆਵੇਗਾ। ਕੂੜਾ ਪਾਉਣ ਵਾਲੇ ਦਾ ਬਾਰਕੋਡ ਸਕੈਨ ਹੋਣ ਨਾਲ ਪੈਸਾ ਉਸ ਦੇ ਖਾਤੇ ਵਿਚ ਜਾਵੇਗਾ। ਓਮ ਗੁਪਤਾ ਦੇ ਇਸ ਪ੍ਰੋਜੈਕਟ ਨੂੰ ਜ਼ਿਲ੍ਹੇ ਦੇ ਪ੍ਰੇਰਣਾ ਪੁਰਸਕਾਰ ਵਿਚ ਪਹਿਲਾ ਸਥਾਨ ਹਾਸਲ ਹੋਇਆ ਹੈ। ਹੁਣ ਉਹ 14-15 ਫਰਵਰੀ ਨੂੰ ਇਸ ਪ੍ਰੋਜੈਕਟ ਨੂੰ ਕੌਮੀ ਪੱਧਰ ਤੇ ਪੇਸ਼ ਕਰਨਗੇ। ਦਿੱਲੀ ਵਿਚ ਇਕ ਪ੍ਰਦਰਸ਼ਨੀ ਵਿਚ ਡਿਜ਼ੀਟਲ ਕੂੜੇਦਾਨ ਨੂੰ ਪੇਸ਼ ਕੀਤਾ ਜਾਵੇਗਾ।