ਮੇਰੇ ਖੇਤਰ 'ਚ ਕਿਸੇ ਨੇ ਜਾਤੀਵਾਦ ਦੀ ਗੱਲ ਕੀਤੀ ਤਾਂ ਉਸ ਦੇ ਕੁੱਟ ਪਵੇਗੀ : ਗਡਕਰੀ
ਗਡਕਰੀ ਨੇ ਕਿਹਾ ਕਿ ਸਮਾਜ ਨੂੰ ਆਰਥਿਕ ਅਤੇ ਸਮਾਜਿਕ ਸਮਾਨਤਾ ਦੇ ਆਧਾਰ 'ਤੇ ਨਾਲ ਲਿਆਉਣਾ ਚਾਹੀਦਾ ਹੈ।
ਪੁਣੇ : ਕੇਂਦਰੀ ਟਰਾਂਸਪੋਰਟ ਮੰਤਰੀ ਨੀਤਿਨ ਗਡਕਰੀ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੇ ਖੇਤਰ ਵਿਚ ਕੋਈ ਜਾਤੀਵਾਦ ਦੀ ਗੱਲ ਕਰਦਾ ਹੈ ਤਾਂ ਉਸ ਦੇ ਕੁੱਟ ਪਵੇਗੀ। ਪੁਣੇ ਵਿਚ ਇਕ ਸਮਾਗਮ ਦੌਰਾਨ ਉਹਨਾਂ ਨੇ ਇਹ ਬਿਆਨ ਦਿਤਾ। ਗਡਕਰੀ ਨੇ ਕਿਹਾ ਕਿ ਮੈਂ ਵਰਕਰਾਂ ਨੂੰ ਵੀ ਇਹ ਚਿਤਾਵਨੀ ਦਿਤੀ ਹੈ ਕਿ ਜੇਕਰ ਕੋਈ ਜਾਤੀ ਸਬੰਧੀ ਗੱਲ ਕਰੇਗਾ ਤਾਂ ਮੈਂ ਉਸ ਨੂੰ ਕੁੱਟਾਂਗਾ।
ਪਿੰਪਰੀ ਚਿੰਚਵਾੜ ਇਲਾਕੇ ਵਿਖੇ ਇਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਗਡਕਰੀ ਨੇ ਕਿਹਾ ਕਿ ਸਮਾਜ ਨੂੰ ਆਰਥਿਕ ਅਤੇ ਸਮਾਜਿਕ ਸਮਾਨਤਾ ਦੇ ਆਧਾਰ 'ਤੇ ਨਾਲ ਲਿਆਉਣਾ ਚਾਹੀਦਾ ਹੈ। ਇਸ ਵਿਚ ਜਾਤੀਵਾਦ ਅਤੇ ਫਿਰਕੂਵਾਦ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਗਡਕਰੀ ਨੇ ਕਿਹਾ ਕਿ ਅਸੀਂ ਜਾਤੀਵਾਦ ਵਿਚ ਕੋਈ ਯਕੀਨ ਨਹੀਂ ਰੱਖਦੇ ਹਾਂ। ਮੈਨੂੰ ਨਹੀਂ ਪਤਾ ਕਿ ਤੁਹਾਡੇ ਇਥੇ ਕੀ ਹੈ,
ਪਰ ਸਾਡੇ ਪੰਜ ਜ਼ਿਲ੍ਹਿਆਂ ਵਿਚ ਜਾਤੀਵਾਦ ਦੀ ਕੋਈ ਥਾਂ ਨਹੀਂ ਹੈ ਕਿਉਂਕਿ ਮੈਂ ਸਾਰਿਆਂ ਨੂੰ ਚਿਤਾਵਨੀ ਦਿਤੀ ਹੋਈ ਹੈ ਕਿ ਜੇਕਰ ਕੋਈ ਜਾਤੀਵਾਦ ਦੀ ਗੱਲ ਕਰੇਗਾ ਤਾਂ ਮੈਂ ਉਸ ਨੂੰ ਕੁੱਟਾਂਗਾ। ਪਿਛਲੇ ਮਹੀਨੇ ਵੀ ਮੁੰਬਈ ਵਿਚ ਇਕ ਸਮਾਗਮ ਦੌਰਾਨ ਵਾਅਦੇ ਪੂਰੇ ਨਾ ਕਰਨ ਵਾਲੇ ਨੇਤਾਵਾਂ 'ਤੇ ਹਮਲਾ ਬੋਲਦਿਆਂ ਗਡਕਰੀ ਨੇ ਕਿਹਾ ਸੀ ਕਿ ਸੁਨਹਿਰੇ ਸੁਪਨੇ ਦਿਖਾਉਣ ਵਾਲੇ ਨੇਤਾਵਾਂ ਨੂੰ ਲੋਕ ਪੰਸਦ ਕਰਦੇ ਹਨ,
ਪਰ ਜਦ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਲੋਕ ਉਹਨਾਂ ਨੂੰ ਕੁੱਟਦੇ ਵੀ ਹਨ। ਉਹਨਾਂ ਦੇ ਇਸ ਬਿਆਨ ਦੇ ਬਹਾਨੇ ਵਿਰੋਧੀ ਧਿਰ ਨੇ ਬਿਆਨਬਾਜ਼ੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਇਕ ਸਮਾਗਮ ਵਿਚ ਗਡਕਰੀ ਨੇ ਕਿਹਾ ਸੀ ਕਿ ਭਾਜਪਾ ਵਰਕਰਾਂ ਨੂੰ ਅਪਣੀ ਘਰੇਲੂ ਜਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ ਕਿਉਂਕਿ ਜੋ ਅਜਿਹਾ ਨਹੀਂ ਕਰ ਸਦਕਾ ਉਹ ਦੇਸ਼ ਦਾ ਧਿਆਨ ਵੀ ਨਹੀਂ ਰੱਖ ਸਦਕਾ ।
ਇਸ ਤੋਂ ਬਾਅਦ ਕਾਂਗਰਸ ਮੁਖੀ ਰਾਹੁਲ ਗਾਂਧੀ ਸਮੇਤ ਕਈ ਕਾਂਗਰਸ ਨੇਤਾਵਾਂ ਨੇ ਭਾਜਪਾ ਦੇ ਸੀਨੀਅਰ ਆਗੂ ਨੂੰ ਆਪਣੇ ਬਿਆਨਾਂ ਵਿਚ ਨਿਸ਼ਾਨਾ ਬਣਾਇਆ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਗਡਕਰੀ ਮੁਤਾਬਕ ਵਾਅਦੇ ਪੂਰੇ ਨਾ ਕਰਨ 'ਤੇ ਲੋਕ ਨੇਤਾਵਾਂ ਨੂੰ ਕੁੱਟਦੇ ਹਨ, ਉਸ ਵੇਲ੍ਹੇ ਉਹਨਾਂ ਦੇ ਨਿਸ਼ਾਨੇ 'ਤੇ ਨਰਿੰਦਰ ਮੋਦੀ ਅਤੇ ਨਜ਼ਰਾਂ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਸਨ।