ਦਰਿਆਦਿਲ ਡਾਕਟਰ ਜੋ ਲੋੜਵੰਦ ਮਰੀਜ਼ਾਂ ਦਾ ਕਰ ਰਿਹੈ ਮੁਫ਼ਤ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾ. ਮਨੋਜ ਦਾ ਮੰਨਣਾ ਹੈ ਕਿ ਇਹ ਸਿਰਫ ਇਕ ਸ਼ੁਰੂਆਤ ਹੈ ਅਜੇ ਉਹਨਾਂ ਨੂੰ ਇਸ ਦਿਸ਼ਾ ਵੱਲ ਬਹੁਤ ਕੁਝ ਕਰਨਾ ਹੈ।

Dr Manoj Durairaj

ਪੁਣੇ : ਮਹਾਰਾਸ਼ਟਰ ਦੇ ਪੁਣੇ ਸਥਿਤ ਹਸਪਤਾਲ ਰੂਬੀ ਕਲੀਨਿਕ ਵਿਚ ਇਕ ਕਾਰਡੀਅਕ ਸਰਜਨ ਹੋਣ ਦੇ ਨਾਲ ਹੀ ਡਾ. ਮਨੋਜ ਦੁਰੈਰਾਜ ਮੈਰਿਅਨ ਕਾਰਡੀਅਕ ਸੈਂਟਰ ਐਂਡ ਰਿਸਰਚ ਫਾਉਂਡੇਸ਼ਨ ਸੰਸਥਾ ਦੇ ਮੁਖੀ ਵੀ ਹਨ। ਇਥੇ ਉਹ ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਦਾ ਇਲਾਜ ਮੁਫ਼ਤ ਕਰਦੇ ਹਨ। ਬਕੌਲ ਮਨੋਜ ਮੈਂ ਅਤੇ ਮੇਰੀ ਫਾਉਂਡੇਸ਼ਨ ਜਿੰਨਾ ਵੀ ਚੰਗਾ ਕੰਮ ਕਰ ਰਹੀ ਹੈ, ਉਹ ਸੱਭ ਕੁਦਰਤ ਦੀ ਦੇਣ ਹੈ।

ਮੈਨੂੰ ਕਦੇ ਵੀ ਕਿਸੇ ਵੀ ਮਰੀਜ਼ ਨੂੰ ਉਸ ਦੇ ਇਲਾਜ ਦੇ ਲਈ ਪੈਸੇ ਜਾਂ ਫਿਰ ਸਾਧਨਾਂ ਦੀ ਕਮੀ ਕਾਰਨ ਇਨਕਾਰ ਨਹੀਂ ਕਰਨਾ ਪਿਆ ਹੈ। ਮਨੋਜ ਨੂੰ ਇਹ ਪ੍ਰੇਰਣਾ ਅਪਣੇ ਪਿਤਾ ਡਾ. ਮੈਨੂਅਲ ਦੁਰੈਰਾਜ ਤੋਂ ਮਿਲੀ ਹੈ ਜੋ ਕਿ ਭਾਰਤੀ ਫ਼ੌਜ ਵਿਚ ਦਿਲ ਦੇ ਰੋਗਾਂ ਦੇ ਮਾਹਰ ਸਨ ਅਤੇ ਉਹਨਾਂ ਨੇ ਭਾਰਤ ਦੇ ਤਿੰਨ ਰਾਸ਼ਟਰਪਤੀਆਂ ਐਨ ਸੰਜੀਵ ਰੈਡੀ, ਆਰ ਵੈਂਕਟਰਮਨ ਅਤੇ ਗਿਆਨੀ ਜੈਲ ਸਿੰਘ

ਨੂੰ ਸਪੈਸ਼ਲ ਸਰਜਨ ਦੇ ਤੌਰ 'ਤੇ ਅਪਣੀਆਂ ਸੇਵਾਵਾਂ ਦਿਤੀਆਂ। ਉਹਨਾਂ ਨੇ ਰੂਬੀ ਹਾਲ ਕਲੀਨਿਕ ਵਿਚ ਕਾਰਡੀਓਲੋਜੀ ਵਿਭਾਗ ਦੀ ਸਥਾਪਨਾ ਕੀਤੀ ਪਰ ਸਮਾਜ ਵਿਚ ਉਹਨਾਂ ਦਾ ਸੱਭ ਤੋਂ ਵੱਡਾ ਯੋਗਦਾਨ ਮੈਰੀਅਨ ਕਾਰਡੀਅਕ ਸੈਂਟਰ ਐਂਡ ਰਿਸਚਰਚ ਫਾਉਂਡੇਸ਼ਨ ਹੈ, ਜਿਸ ਦੀ ਸਥਾਪਨਾ ਉਹਨਾਂ ਨੇ ਸਾਲ 1991 ਵਿਚ ਕੀਤੀ ਸੀ। ਡਾ.ਮਨੋਜ ਨੇ 2005 ਵਿਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਨਵੀਂ ਦਿੱਲੀ ਤੋਂ

ਅਪਣੀ ਸਿੱਖਿਆ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਉਹ ਵੀ ਇਸ ਫਾਉਂਡੇਸ਼ਨ ਵਿਚ ਸ਼ਾਮਲ ਹੋ ਗਏ। ਮਨੋਜ ਦੱਸਦੇ ਹਨ ਕਿ ਮੈਂ ਪਿਤਾ ਜੀ ਨੂੰ ਹਮੇਸ਼ਾਂ ਉਹਨਾਂ ਮਰੀਜ਼ਾਂ ਦੀ ਦੇਖਭਾਲ ਕਰਦੇ ਦੇਖਿਆ ਜੋ ਕਿ ਦੂਰ-ਦਰਾਡੇ ਦੇ ਇਲਾਕਿਆਂ ਤੋਂ ਆਉਂਦੇ ਸਨ ਅਤੇ ਉਹਨਾਂ ਦੇ ਕੋਲ ਇੰਨੇ ਸਾਧਨ ਨਹੀਂ ਹੁੰਦੇ ਸਨ, ਕਿ ਉਹ ਚੰਗੀ ਤਰ੍ਹਾਂ  ਅਪਣਾ ਇਲਾਜ ਕਰਵਾ ਸਕਣ। ਉਹਨਾਂ ਕਿਹਾ ਕਿ ਨੇਕਦਿਲ ਲੋਕਾਂ ਦੇ ਦਾਨ ਕਾਰਨ ਬਹੁਤ ਮਦਦ ਮਿਲਦੀ ਹੈ।

ਸਾਡੇ ਦਾਨੀ ਕੋਈ ਵੱਡੇ ਸੰਗਠਨ ਜਾਂ ਵਿਅਕਤੀ ਨਹੀਂ ਹਨ, ਸਗੋਂ ਸਾਧਾਰਨ ਤਨਖਾਹ ਪਾਉਣ ਵਾਲੇ ਸੇਵਾਮੁਕਤ ਲੋਕ ਹਨ। ਕੁਝ ਸਾਡੇ ਪੁਰਾਣੇ ਮਰੀਜ਼ ਵੀ ਹਨ ਜੋ ਸਾਡੇ ਕੰਮ ਨੂੰ ਬਣਾਏ ਰੱਖਣ ਲਈ ਦਾਨ ਕਰਦੇ ਹਨ। ਦੋ ਸਾਲ ਪਹਿਲਾਂ ਅਸੀਂ ਅਹਿਮਦਨਗਰ ਦੀ ਇਕ 12 ਸਾਲਾ ਕੁੜੀ ਦੇ ਦਿਲ ਦੀ ਟਰਾਂਸਪਲਾਂਟ ਸਰਜਰੀ ਲਈ 6.5 ਲੱਖ ਰੁਪਏ ਇਕੱਠੇ ਕੀਤੇ ਤੇ ਕੁੜੀ ਦਾ ਇਲਾਜ ਕੀਤਾ।

ਭਾਰਤ ਵਿਚ ਵੱਖ-ਵੱਖ ਸਰਕਾਰੀ ਯੋਜਨਾਵਾਂ ਰਾਹੀਂ ਗਰੀਬਾਂ ਨੂੰ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਪਰ ਕੁਝ ਲੋਕ ਅਜਿਹੇ ਹਨ ਜੋ ਸਰਹੱਦੀ ਖੇਤਰਾਂ ਵਿਚ ਰਹਿੰਦੇ ਹਨ ਜਾਂ ਫਿਰ ਬਹੁਤ ਸਾਰੇ ਲੋਕਾਂ ਕੋਲ ਇਹ ਸਾਬਤ ਕਰਨ ਲਈ ਕਾਗਜ਼ਾਤ ਨਹੀਂ ਹੁੰਦੇ ਕਿ ਉਹ ਇਹਨਾਂ ਮੁਫ਼ਤ ਯੋਜਨਾਵਾਂ ਦੇ ਘੇਰੇ ਵਿਚ ਆਉਂਦੇ ਹਨ। ਉਹਨਾਂ ਦੀ ਇਕ 14 ਸਾਲ ਦੀ ਮਰੀਜ਼ ਪ੍ਰੇਰਣਾ ਹੈ

ਜੋ ਕਿ ਜਲਗਾਂਵ ਤੋਂ ਹੈ। ਦੋ ਸਾਲ ਪਹਿਲਾਂ ਉਸ ਦੇ ਦਿਲ ਦੀ ਸਰਜਰੀ ਤੋਂ ਬਾਅਦ ਪ੍ਰੇਰਣਾ ਨੂੰ ਫਾਉਂਡੇਸ਼ਨ ਵੱਲੋਂ ਅਪਣਾਇਆ ਗਿਆ ਅਤੇ ਸੰਸਥਾ ਉਸ ਦੇ ਸਾਰੇ ਮੈਡੀਕਲ ਖਰਚਿਆਂ ਦਾ ਜਿੰਮਾ ਲੈਂਦੀ ਹੈ। ਡਾ. ਮਨੋਜ ਦਾ ਮੰਨਣਾ ਹੈ ਕਿ ਇਹ ਸਿਰਫ ਇਕ ਸ਼ੁਰੂਆਤ ਹੈ ਅਜੇ ਉਹਨਾਂ ਨੂੰ ਇਸ ਦਿਸ਼ਾ ਵੱਲ ਬਹੁਤ ਕੁਝ ਕਰਨਾ ਹੈ।