ਨਸ਼ੇ ਛੱਡਣ ਵਾਲਿਆਂ ਦਾ ਮੁਫ਼ਤ ਇਲਾਜ ਕਰਵਾਏਗੀ ਸ਼੍ਰੋਮਣੀ ਕਮੇਟੀ: ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਨਸ਼ੇ ਛੱਡਣ ਦੇ ਚਾਹਵਾਨ ਵਿਅਕਤੀਆਂ ਦਾ ਸ਼੍ਰੋਮਣੀ ਕਮੇਟੀ ਵਲੋਂ ਮੁਫ਼ਤ ਇਲਾਜ.......

While Press Conference Bhai Gobind Singh Longowal

ਬਠਿੰਡਾ (ਦਿਹਾਤੀ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ  ਨਸ਼ੇ ਛੱਡਣ ਦੇ ਚਾਹਵਾਨ ਵਿਅਕਤੀਆਂ ਦਾ ਸ਼੍ਰੋਮਣੀ ਕਮੇਟੀ ਵਲੋਂ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਵਲੋ ਤਖ਼ਤ ਦਮਦਮਾ ਸਾਹਿਬ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਸਾਬਤ ਸੂਰਤ ਗੁਰਸਿੱਖ ਖਿਡਾਰੀਆਂ ਨੂੰ ਵੱਡੇ ਇਨਾਮ ਦੇਣ ਦੇ ਨਾਲ ਦਰਬਾਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸ਼੍ਰੋਮਣੀ ਕਮੇਟੀ ਸਾਬਕਾ ਪ੍ਰਧਾਨ ਜਥੇ. ਜਗਦੇਵ ਸਿੰਘ ਤਲਵੰਡੀ ਦੀ ਤਸਵੀਰ ਲਗਾਉਣ ਨੂੰ ਵੀ ਪ੍ਰਵਾਨਗੀ ਦਿਤੀ ਗਈ। 

ਭਾਈ ਲੌਂਗੋਵਾਲ ਨੇ ਦਸਿਆ ਕਿ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਗੁਰਸਿੱਖ ਖਿਡਾਰੀਆਂ 'ਚ ਉਲੰਪਿਕ ਖੇਡਾਂ ਦੌਰਾਨ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤਣ ਵਾਲਿਆਂ ਨੂੰ ਕ੍ਰਮਵਾਰ 5, 4 ਅਤੇ 3 ਲੱਖ ਰੁਪੈ ਦਿਤੇ ਜਾਣਗੇ ਅਤੇ ਕਾਮਨਵੈਲਥ ਖੇਡਾਂ ਵਿਚ ਵੀ ਜਿੱਤ ਹਾਸਲ ਕਰਨ ਵਾਲਿਆਂ ਨੂੰ ਵਿਸ਼ੇਸ ਨਕਦੀ ਨਾਲ ਸਨਮਾਨਤ ਕੀਤਾ ਜਾਵੇਗਾ। ਲੌਂਗੋਵਾਲ ਦਸਿਆ ਕਿ ਪਟਿਆਲਾ ਨਿਵਾਸੀ ਗੁਰਸਿੱਖ ਅਮਨਦੀਪ ਸਿੰਘ  ਆਈ.ਏ.ਐਸ ਦੀ ਪ੍ਰੀਖਿਆ 'ਚੋਂ ਵਧੀਆ ਰੈਂਕ ਹਾਸਲ ਕਰਨ 'ਤੇ ਕਮੇਟੀ 1 ਲੱਖ ਰੁਪਏ ਨਾਲ ਸਨਮਾਨਤ ਕਰੇਗੀ।

ਉਨ੍ਹਾਂ ਕਿਹਾ ਕਿ ਬੀਤੇ ਸਮੇਂ ਬਲਦੇਵ ਸਿੰਘ ਸੜਕਨਾਮਾ ਦੇ ਲਿਖੇ ਨਾਵਲ 'ਸੂਰਜ ਦੀ ਅੱਖ' ਵਿਚ ਸਿੱਖ ਇਤਿਹਾਸ ਨੂੰ ਵਿਗਾੜਨ 'ਤੇ ਕਮੇਟੀ ਵਲੋਂ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਸਿੱਖ ਵਿਦਵਾਨਾਂ ਪਾਸੋਂ ਇਸ ਦੀ ਜਾਂਚ ਵੀ ਕਰਵਾਈ ਗਈ ਹੈ। ਉਨ੍ਹਾਂ ਵਲੋਂ ਦਿਤੀ ਰੀਪੋਰਟ ਵਿਚ ਸਿੱਖ ਇਤਿਹਾਸ ਵਿਗਾੜਨ ਦੀ ਪੁਸ਼ਟੀ ਕਾਰਨ ਹੀ ਕਮੇਟੀ ਵਲੋਂ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਸਾਬਕਾ ਪ੍ਰਧਾਨ ਤਲਵੰਡੀ ਅਤੇ ਗੁਰਮਤਿ ਕੀਰਤਨ ਵਿਦਿਆਲਾ ਧੂਰਕੋਟ ਦੇ ਮੁਖੀ ਗਿਆਨੀ ਵਰਿਆਮ ਸਿੰਘ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।