ਦਿੱਲੀ ਚੋਣ ਦੰਗਲ: ਸੋਸ਼ਲ ਮੀਡੀਆ ’ਤੇ ਨਤੀਜਿਆਂ ਤੋਂ ਪਹਿਲਾਂ ਖੂਬ ਲਏ ਜਾ ਰਹੇ ਨੇ ਮਜ਼ੇ
ਸੋਸ਼ਲ ਮੀਡੀਆ ਤੇ ਮਜ਼ੇ ਲੈਣ ਵਾਲੇ ਨੇਤਾਵਾਂ ਵਿਚ ਕਈ ਆਗੂਆਂ ਦੇ ਨਾਮ ਵੀ...
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ ਅਤੇ ਅੱਜ ਨਤੀਜੇ ਵੀ ਥੋੜੀ ਦੇਰ ਵਿਚ ਸਾਹਮਣੇ ਆ ਜਾਣਗੇ। ਪਰ ਇਸ ਦੌਰਾਨ ਵੋਟ ਪਾਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਗਜ਼ਿਟ ਪੋਲ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਦੇ ਸਮਰਥਕ ਹੋਰਨਾਂ ਪਾਰਟੀਆਂ ਅਤੇ ਆਗੂਆਂ ਤੇ ਜ਼ਬਰਦਸਤ ਨਿਸ਼ਾਨੇ ਲਗਾ ਰਹੇ ਹਨ ਅਤੇ ਖੂਬ ਮਜ਼ੇ ਲੈ ਰਹੇ ਹਨ।
ਸੋਸ਼ਲ ਮੀਡੀਆ ਤੇ ਮਜ਼ੇ ਲੈਣ ਵਾਲੇ ਨੇਤਾਵਾਂ ਵਿਚ ਕਈ ਆਗੂਆਂ ਦੇ ਨਾਮ ਵੀ ਸਾਹਮਣੇ ਆਏ ਹਨ ਇਹਨਾਂ ਦੇ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇਕ ਨੇਤਾ ਹੈ ਆਮ ਆਦਮੀ ਪਾਰਟੀ ਵਿਚ ਹਰਿਆਣਾ ਵਿਚ ਬੁਲਾਰੇ, ਆਈਟੀ ਤੇ ਸੋਸ਼ਲ ਮੀਡੀਆ ਪ੍ਰਮੁੱਖ ਸੁਧੀਰ ਯਾਦਵ। ਸੁਧੀਰ ਯਾਦਵ ਨੇ ਅਜੀਬੋਗਰੀਬ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਈਵੀਐਮ ਪ੍ਰੈਗਨੈਂਟ ਹੈ ਜੇ ਨਾਰਮਲ ਡਿਲਵਰੀ ਹੋਈ ਤਾਂ ਆਮ ਆਦਮੀ ਪਾਰਟੀ ਪੈਦਾ ਹੋਵੇਗੀ ਅਤੇ ਜੇ ਆਪਰੇਸ਼ਨ ਹੋਇਆ ਤਾਂ ਭਾਜਪਾ।
ਇਕ ਹੋਰ ਭਾਜਪਾ ਯੂਜ਼ਰ ਨੇ ਖ਼ਸਤਾ ਹਾਲਤ ਦਿਖਾਉਂਦੇ ਹੋਏ ਮਨੋਜ ਤਿਵਾਰੀ ਦਾ ਇਕ ਪੁਰਾਣਾ ਵੀਡੀਉ ਸਾਂਝਾ ਕੀਤਾ ਹੈ ਜਿਸ ਵਿਚ ਉਹਨਾਂ ਨੇ ਪੱਟੀ ਬੰਨ੍ਹੀ ਹੋਈ ਹੈ ਅਤੇ ਇਕ ਭੋਜਪੁਰੀ ਗੀਤ ਗਾ ਰਹੇ ਹਨ। ਮਨੋਜ ਤਿਵਾਰੀ ਤੇ ਵੀ ਨਿਸ਼ਾਨਾ ਲਗਾਉਂਦੇ ਹੋਏ ਟਵੀਟ ਕੀਤਾ ਗਿਆ ਹੈ। ਜਦੋਂ ਆਪ ਅਤੇ ਭਾਜਪਾ ਤੇ ਨਿਸ਼ਾਨਾ ਲਗਾਇਆ ਜਾ ਰਿਹਾ ਹੈ ਤਾਂ ਕਾਂਗਰਸ ਕਿਵੇਂ ਬਚ ਸਕਦੀ ਹੈ। ਕਾਂਗਰਸ ਨੂੰ ਇਸ ਲੜੀ ਵਿਚ ਪਰੋਇਆ ਜਾ ਰਿਹਾ ਹੈ।
ਇਕ ਯੂਜ਼ਰ ਨੇ ਮਿਰਜਾਪੁਰ ਦੇ ਕਲਾਈਮੇਕਸ ਦਾ ਇਕ ਸੀਨ ਸ਼ੇਅਰ ਕੀਤਾ ਹੈ ਜਿਸ ਵਿਚ ਅਦਾਕਾਰਾ ਨੂੰ ਗੋਲੀ ਲੱਗੀ ਹੋਈ ਹੈ ਤੇ ਉਹ ਫਰਸ਼ ਤੇ ਡਿੱਗੀ ਪਈ ਹੈ ਅਤੇ ਅਪਣੇ ਪ੍ਰੇਮੀ ਨੂੰ ਦੇਖ ਕੇ ਮੁਸਕਰਾ ਰਹੀ ਹੈ। ਇਸ ਵਿਚ ਯੂਜ਼ਰ ਨੇ ਲਿਖਿਆ ਕਿ ਐਗਜ਼ਿਟ ਪੋਲ ਦੇਖ ਕੇ ਕਾਂਗਰਸ ਦੀ ਹਾਲਤ ਕੁੱਝ ਅਜਿਹੀ ਹੈ। ਕਾਂਗਰਸ ਤਾਂ ਹਾਰੀ ਹੀ ਹੈ ਤੇ ਖੁਸ਼ ਵੀ ਹੈ ਕਿਉਂ ਕਿ ਭਾਜਪਾ ਵੀ ਹਾਰੀ ਹੈ। ਕਈ ਯੂਜ਼ਰ ਨੇ ਸੀਟ ਸਰਵੇ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ 90 ਫ਼ੀ ਸਦੀ ਸਰਵੇ ਸਹੀ ਸਾਬਿਤ ਹੋ ਰਿਹਾ ਹੈ।
ਇਕ ਹੋਰ ਨੇ ਭਾਜਪਾ ਨੇਤਾਵਾਂ ਦੇ ਜਿੱਤ ਦੇ ਦਾਅਵੇ 'ਤੇ ਹਮਲਾ ਬੋਲਦਿਆਂ ਲਿਖਿਆ, ਨਤੀਜਾ ਦਿੱਲੀ ਦਾ ਆਉਣਾ ਹੈ, ਪੇਟ ਵਿਚ ਮਰੋੜੇ ਉਹਨਾਂ ਆਗੂਆਂ ਦੇ ਪੈ ਰਹੇ ਹਨ ਜੋ ਦੋ ਹਫ਼ਤਿਆਂ ਤੋਂ ਗਲਤ ਅੰਕੜੇ ਦਸ ਰਹੇ ਹਨ। ਇਕ ਹੋਰ ਭਾਜਪਾ ਸਮਰਥਕ ਨੇ ਆਪ ਤੇ ਨਿਸ਼ਾਨਾ ਲਗਾਉਂਦੇ ਹੋਏ ਸਵਾਲ ਕੀਤਾ ਜਦੋਂ ਭਾਰੀ ਬਹੁਮਤ ਨਾਲ ਜਿੱਤ ਹੀ ਰਹੇ ਹਨ ਤਾਂ ਈਵੀਐਮ ਵਿਚ ਗੜਬੜੀ ਦਾ ਖਦਸ਼ਾ ਕਿਉਂ ਹੈ। ਦਸ ਦਈਏ ਕਿ ਖ਼ਬਰ ਲਿਖੇ ਜਾਣ ਤੱਕ 37 ਸੀਟਾਂ ‘ਤੇ ਆਮ ਆਦਮੀ ਪਾਰਟੀ ਅੱਗੇ ਹੈ।
ਇਸ ਦੇ ਨਾਲ ਹੀ ਭਾਜਪਾ ਦੇ ਹੱਕ ਵਿਚ 16 ਸੀਟਾਂ ਆ ਰਹੀਆਂ ਹਨ। ਜਦਕਿ ਕਾਂਗਰਸ ਦਾ ਹਾਲੇ ਤੱਕ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਵੋਟਾਂ ਦੀ ਗਿਣਤੀ ਲਈ ਕੇਂਦਰਾਂ ਦੀ ਸਖ਼ਤ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ। ਦੱਸ ਦਈਏ ਕਿ ਦਿੱਲੀ ਵਿਚ ਕੁੱਲ 70 ਵਿਧਾਨ ਸਭਾ ਸੀਟਾਂ ਹਨ। ਇਹਨਾਂ ਚੋਣਾਂ ਵਿਚ ਕੁਲ 672 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।
ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਚੋਣਾਂ ਦੋ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ ਤੇ ਭਾਜਪਾ ਲਈ ਮੁੱਛ ਦਾ ਸਵਾਲ ਬਣੀਆਂ ਹੋਈਆਂ ਹਨ। ਜਦਕਿ ਚੋਣ ਸਰਵੇਖਣਾਂ ਮੁਤਾਬਕ ਹਾਸ਼ੀਏ 'ਤੇ ਗਈ ਕਾਂਗਰਸ ਪਾਰਟੀ ਦੂਰ ਖੜ੍ਹੀ ਤਮਾਸ਼ਾ ਵੇਖਣ ਦੀ ਮੁਦਰਾ 'ਚ ਹੈ।
ਐਗਜ਼ਿਟ ਪੋਲਾਂ ਵਲੋਂ ਅਪਣੇ ਹੱਕ ਵਿਚ 'ਫਤਵਾਂ' ਦਿਤੇ ਜਾਣ ਦੇ ਬਾਵਜੂਦ ਵੀ ਜਿੱਥੇ ਆਮ ਆਦਮੀ ਪਾਰਟੀ ਨੂੰ ਅੰਦਰਖਾਤੇ 'ਹਾਰ' ਦਾ ਡਰ ਸਤਾ ਰਿਹੈ, ਉਥੇ ਹੀ ਭਾਜਪਾ ਵੀ ਐਗਜ਼ਿਟ ਪੋਲਾਂ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ। ਇੰਨਾ ਹੀ ਨਹੀਂ, ਇਨ੍ਹਾਂ ਚੋਣਾਂ ਨੇ ਤਾਂ ਭਾਜਪਾ ਨੂੰ ਪੂਰੀ ਤਰ੍ਹਾਂ ਪੜ੍ਹਨੇ ਪਾਇਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।