ਲੁਧਿਆਣਾ ਤੇ ਸੰਗਰੂਰ ਦੇ ਸਕੂਲ ਮੁਖੀਆਂ ਨੂੰ ਵਧੀਆ ਨਤੀਜਿਆਂ ਲਈ ਮੰਤਰੀ ਓ ਪੀ ਸੋਨੀ ਨੇ ਕੀਤਾ ਸਨਮਾਨਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਲੁਧਿਆਣਾ ਦੇ ਤੇ ਸੰਗਰੂਰ ਦੇ ਸਕੂਲ ਮੁਖੀਆਂ ਨੂੰ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਦਿਤੀ ਵਧਾਈ

O.P. Soni awarded to school heads

ਐਸ.ਏ.ਐਸ. ਨਗਰ: ਸਿੱਖਿਆ ਮੰਤਰੀ ਓ ਪੀ ਸੋਨੀ ਵਲੋਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਜ਼ਿਲ੍ਹਾ ਲੁਧਿਆਣਾ ਅਤੇ ਸੰਗਰੂਰ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਮਾਰਚ-2019 ਵਧੀਆ ਨਤੀਜਿਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ, ਮੁਹੰਮਦ ਤਾਇਬ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਬਲਦੇਵ ਸਚਦੇਵਾ ਵਾਇਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੀ ਮੌਜੂਦ ਰਹੇ।

ਸਿੱਖਿਆ ਮੰਤਰੀ ਓ ਪੀ ਸੋਨੀ ਨੇ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਵਿਚ ਅੱਵਲ ਲਿਆਉਣ ਲਈ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ। ਵਧੀਆ ਨਤੀਜੇ ਬੱਚਿਆਂ ਦਾ ਭਵਿੱਖ ਬਣਾਉਂਦੇ ਹਨ। ਸਮੂਹ ਅਧਿਆਪਕ ਅਪਣਾ ਫਰਜ਼ ਸਮਝ ਕੇ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇ ਰਹੇ ਹਨ।

ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਹੈ, ਅਧਿਆਪਕ ਪੂਰੇ ਕੀਤੇ। ਅਧਿਆਪਕ ਯੂਨੀਅਨਾਂ ਦੀ ਮੰਗਾਂ ਨੂੰ ਜਿੱਥੋਂ ਤੱਕ ਹੋ ਸਕਿਆਂ ਨਿਯਮਾਂ ਅਨੁਸਾਰ ਪੂਰਾ ਕੀਤਾ। ਅਧਿਆਪਕਾਂ ਨੂੰ ਪੱਕਿਆਂ ਕੀਤਾ ਅਤੇ ਹੋਰ ਵੀ ਅਧਿਆਪਕਾਂ ਦੇ ਬਹੁਤ ਸਾਰੇ ਕੰਮ ਕੀਤੇ। ਕਿਸੇ ਨੂੰ ਮੁਸ਼ਕਿਲ ਨਹੀਂ ਆਉਣ ਦਿਤੀ। ਉਹਨਾਂ ਸਮੂਹ ਪ੍ਰਿੰਸੀਪਲਾਂ ਨੂੰ ਕਿਹਾ ਕਿ ਤੁਸੀਂ ਸਾਰੇ ਮਿਹਨਤੀ ਹੋ। ਇਸ ਸਾਲ ਨਤੀਜੇ ਚੰਗੇ ਆਏ ਹਨ ਤਾਂ ਇਹ ਇਕ ਬਦਲੀ ਹੋਈ ਸੋਚ ਦਾ ਨਤੀਜਾ ਹੈ।

ਅਧਿਆਪਕਾਂ ਨੇ ਬੱਚਿਆਂ ਨੂੰ ਅਪਣੇ ਬੱਚੇ ਸਮਝਿਆ ਹੈ। ਪੰਜਾਬ ਦੇ ਨਤੀਜੇ ਭਾਰਤ ਦੇ ਬਾਕੀ ਪ੍ਰਦੇਸ਼ਾਂ ਦੇ ਮੁਕਾਬਲੇ ਵਿਚ ਬਹੁਤ ਵਧੀਆ ਹਨ। ਜਿੰਨੀ ਖੁਸ਼ੀ ਸਕੂਲ ਮੁਖੀਆਂ ਨੂੰ ਹੋਈ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਪੰਜਾਬ ਸਰਕਾਰ ਨੂੰ ਹੋਈ ਹੈ। ਸਿੱਖਿਆ ਮੰਤਰੀ ਸੋਨੀ ਨੇ ਕਿਹਾ ਕਿ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਿੱਖਿਆ ਪ੍ਰਤੀ ਸੋਚ ਬਹੁਤ ਉੱਚੀ ਅਤੇ ਸੁੱਚੀ ਹੈ। ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨਾ ਸਾਡਾ ਸਭ ਦਾ ਫਰਜ਼ ਹੈ।

ਉਹਨਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਵਿਭਾਗ ਪ੍ਰਤੀ ਕੀਤੀ ਜਾ ਰਹੀ ਮਿਹਨਤ ਦੀ ਵੀ ਖ਼ੂਬ ਤਾਰੀਫ਼ ਕੀਤੀ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ 169 ਸਕੂਲ ਮੁਖੀਆਂ ਨੂੰ ਅਤੇ ਸੰਗਰੂਰ ਜ਼ਿਲ੍ਹੇ ਦੇ 131 ਸਕੂਲ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਤੋਂ ਸਵਰਨਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤੇ ਸੰਗਰੂਰ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੂੰ ਵੀ ਉਚੇਚ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਲੁਧਿਆਣਾ ਦੇ ਨੋਡਲ ਅਫ਼ਸਰ ਸੁਭਾਸ਼ ਮਹਾਜਨ ਤੇ ਜ਼ਿਲ੍ਹਾ ਸੰਗਰੂਰ ਦੇ ਨੋਡਲ ਅਫ਼ਸਰ ਨੀਨਾ ਆਹੀਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿਚ ਲੁਧਿਆਣਾ ਜ਼ਿਲ਼੍ਹਿਆਂ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਪ੍ਰਿੰਸੀਪਲ ਡਾਇਟ ਰਾਜਵਿੰਦਰ ਕੌਰ, ਇੰਚਾਰਜ ਸਿੱਖਿਆ ਸੁਧਾਰ ਟੀਮ ਬਲਵਿੰਦਰ ਕੌਰ, ਜ਼ਿਲ੍ਹਾ ਮੈਂਟਰ ਸਾਇੰਸ ਜਸਵੀਰ ਸਿੰਘ, ਗਣਿਤ ਜ਼ਿਲ੍ਹਾ ਮੈਂਟਰ ਸੰਜੀਵ ਤਨੇਜਾ ਅਤੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਸੰਬੋਧ ਵਰਮਾ,

ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਮੰਜੂ ਭਾਰਦਵਾਜ ਨੂੰ ਵੀ ਸਨਮਾਨਿਤ ਕੀਤਾ ਗਿਆ| ਸਮਾਰੋਹ ਵਿੱਚ ਸੰਗਰੂਰ ਜ਼ਿਲ਼੍ਹੇ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਪ੍ਰਿੰਸੀਪਲ ਡਾਇਟ ਅਨੀਤਾ, ਇੰਚਾਰਜ ਸਿੱਖਿਆ ਸੁਧਾਰ ਟੀਮ ਬਰਜਿੰਦਰਪਾਲ ਸਿੰਘ, ਜ਼ਿਲ੍ਹਾ ਮੈਂਟਰ ਸਾਇੰਸ ਹਰਮਨਦੀਪ ਸਿੰਘ, ਗਣਿਤ ਜ਼ਿਲ੍ਹਾ ਮੈਂਟਰ ਸੰਜੀਵ ਸਿੰਗਲਾ ਅਤੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਰਾਕੇਸ਼ ਕੁਮਾਰ ਗਰਗ, ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਕੁਲਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।