ਦਿੱਲੀ 'ਚ ਫਿਰਿਆ 'ਆਪ' ਦਾ ਝਾੜੂ, ਕਮਲ ਮੁਰਝਾਇਆ...ਹੱਥ ਖਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਰੁਝੇਵਾਂ ਸਾਫ਼ ਹੁੰਦੇ ਹੀ ਬੀਜੇਪੀ ਅਤੇ ਕਾਂਗਰਸ...

Kejriwal

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਰੁਝੇਵਾਂ ਸਾਫ਼ ਹੁੰਦੇ ਹੀ ਬੀਜੇਪੀ ਅਤੇ ਕਾਂਗਰਸ ਨੇ ਹਾਰ ਮਾਨ ਲਈ ਹੈ। ਬੀਜੇਪੀ-ਕਾਂਗਰਸ ਨੂੰ ਪਹਿਲਾਂ ਤੋਂ ਹੀ ਅੰਦਾਜਾ ਸੀ ਕਿ ਉਹ ਵੋਟਾਂ ਦੀ ਗਿਣਤੀ ‘ਚ ਪਛੜ ਜਾਣਗੇ।

ਰਾਸ਼ਟਰੀ ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਦਾ ਐਲਾਨ ਹੋਣ ਵਿਚ ਕੁਝ ਹੀ ਸਮਾਂ ਬਾਕੀ ਹੈ। ਵੋਟਾਂ ਦੀ ਗਿਣਤੀ ਜਾਰੀ ਹੈ। ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਰੁਝਾਨ ਆ ਚੁੱਕੇ ਹਨ। ਸ਼ੁਰੂਆਤੀ ਰੁਝਾਨਾਂ ਅਨੁਸਾਰ ਆਮ ਆਦਮੀ ਪਾਰਟੀ ਇਕ ਵਾਰ ਫਿਰ ਦਿੱਲੀ ਵਿਚ ਸਰਕਾਰ ਬਣਾਉਣ ਜਾ ਰਹੀ ਹੈ।

ਆਪ ਕਰੀਬ 63 ਅਤੇ ਭਾਜਪਾ ਕਰੀਬ 7 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਜਿੱਤ ਵੱਲ ਵਧ ਰਹੇ ਕਦਮਾਂ ਨਾਲ ਆਪ ਵਰਕਰ ਕਾਫੀ ਉਤਸ਼ਾਹਿਤ ਹਨ। ਪਾਰਟੀ ਦੇ ਦਫਤਰ ਵਿਚ ਜਸ਼ਨ ਦਾ ਮਾਹੌਲ ਹੈ। ਦਫਤਰ ਵਿਚ ‘ਲਗੇ ਰਹੋ ਕੇਜਰੀਵਾਲ’ ਗੀਤ ਵਜਾਇਆ ਜਾ ਰਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੰਬੋਧਨ ਕਰਨ ਲਈ ਸਟੇਜ ਤਿਆਰ ਕੀਤਾ ਜਾ ਰਿਹਾ ਹੈ।

ਚੋਣ ਨਤੀਜਿਆਂ ਦਾ ਇਹ ਦਿਨ ਕੇਜਰੀਵਾਲ ਲਈ ਬੇਹੱਦ ਖ਼ਾਸ ਹੈ। ਦਰਅਸਲ ਅੱਜ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਜਨਮ ਦਿਨ ਹੈ ਅਤੇ ਮੁੱਖ ਮੰਤਰੀ ਅਪਣੀ ਪਤਨੀ ਨੂੰ ਜਿੱਤ ਦਾ ਤੋਹਫਾ ਦੇਣ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਜਿੱਤ ਨਾਲ ਸੁਨੀਤਾ ਕੇਜਰੀਵਾਲ ਦੇ ਜਨਮ ਦਿਨ ਦਾ ਜਸ਼ਨ ਦੁੱਗਣਾ ਹੋ ਜਾਵੇਗਾ।

ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਆਪ ਵਰਕਰਾਂ ਦੀ ਆਮਦ ਸ਼ੁਰੂ ਹੋ ਗਈ ਹੈ। ਵੱਡੀ ਗਿਣਤੀ ਵਿਚ ਲੋਕ ਉਹਨਾਂ ਨੂੰ ਜਿੱਤ ਅਤੇ ਉਹਨਾਂ ਦੀ ਪਤਨੀ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ ਅਤੇ ਰੁਝਾਨਾਂ ਵਿਚ ਉਹ ਸਭ ਤੋਂ ਅੱਗੇ ਚੱਲ ਰਹੇ ਹਨ।