ਰਾਖ਼ਸ਼ ਸਰੂਪਨਖਾ ਕਰ ਕੇ ਸ਼ੁਰੂ ਹੋਇਆ ਸੀ ਬੁਰਕਾ ਪਾਉਣ ਦਾ ਰਿਵਾਜ, ਮਨੁੱਖਾਂ ਨੂੰ ਇਸ ਦੀ ਲੋੜ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਆਗੂ ਨੇ ਕੀਤੀ ਬੁਰਕੇ 'ਤੇ ਪਾਬੰਦੀ ਦੀ ਮੰਗ

Photo

ਅਲੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਨੇ ਸੋਮਵਾਰ ਨੂੰ 'ਬੁਰਕੇ' 'ਤੇ ਪਾਬੰਦੀ ਲਾਉਣ ਦੀ ਮੰਗ ਕਰ ਕੇ ਨਵਾਂ ਵਿਵਾਦ ਪੈਦਾ ਕਰ ਦਿਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੁਰਕਾ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹੈ। ਰਘੂਰਾਜ ਸਿੰਘ ਨੇ ਕਿਹਾ ਕਿ ਦੇਸ਼ 'ਚ ਬੁਰਕੇ 'ਤੇ ਪਾਬੰਦੀ ਲਗਣੀ ਚਾਹੀਦੀ ਹੈ ਜਿਵੇਂ ਕਈ ਹੋਰ ਦੇਸ਼ਾਂ 'ਚ ਹੈ।

ਉਹ ਪਿੱਛੇ ਜਿਹੇ ਅਪਣੇ ਬਿਆਨ ਬਿਆਨ ਨੂੰ ਲੈ ਕੇ ਸੁਰਖ਼ੀਆਂ 'ਚ ਆ ਗਏ ਸਨ ਜਦੋਂ ਉਨ੍ਹਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਿਰੁਧ ਨਾਹਰੇਬਾਜ਼ੀ ਕਰਨ ਵਾਲੇ ਏ.ਐਮ.ਯੂ. ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਜ਼ਿੰਦਾ ਦਫ਼ਨ ਕਰਨ ਦੀ ਧਮਕੀ ਦਿਤੀ ਸੀ। ਉਨ੍ਹਾਂ ਕਿਹਾ, ''ਮੇਰਾ ਸਪੱਸ਼ਟ ਮੰਨਣਾ ਹੈ ਕਿ ਬੁਰਕਾ ਸ੍ਰੀਲੰਕਾ, ਚੀਨ, ਅਮਰੀਕਾ ਅਤੇ ਕੈਨੇਡਾ 'ਚ ਪ੍ਰਯੋਗ ਨਹੀਂ ਹੁੰਦਾ।

ਇਸ ਨੂੰ ਸਾਡੇ ਦੇਸ਼ 'ਚ ਵੀ ਪਾਬੰਦੀਸ਼ੁਦਾ ਹੋਣਾ ਚਾਹੀਦਾ ਹੈ ਤਾਕਿ ਅਤਿਵਾਦੀ ਇਸ ਦਾ ਫ਼ਾਇਦਾ ਨਾ ਚੁੱਕ ਸਕਣ। ਸ਼ਾਹੀਨਬਾਗ਼ 'ਚ ਲੋਕ ਬੁਰਕਾ ਪਾ ਕੇ ਬੈਠੇ ਹਨ। ਬੁਰਕਾ ਅਤਿਵਾਦੀਆਂ, ਚੋਰਾਂ ਅਤੇ ਗ਼ੈਰਸਮਾਜਕ ਤੱਤਾਂ ਨੂੰ ਲੁਕਾਉਣ 'ਚ ਮਦਦ ਕਰਦਾ ਹੈ। ਇਸ ਲਈ ਇਸ 'ਤੇ ਪਾਬੰਦੀ ਲਗਣੀ ਚਾਹੀਦੀ ਹੈ।''

ਇਹੀ ਨਹੀਂ ਉਨ੍ਹਾਂ ਨੇ ਬੁਰਕੇ ਦੇ ਸ਼ੁਰੂ ਹੋਣ ਦੀ ਕਹਾਣੀ ਵੀ ਘੜ ਲਈ ਅਤੇ ਕਿਹਾ, ''ਇਹ ਰਾਮਾਇਣ ਦੀ ਸਰੂਪਨਖਾ ਤੋਂ ਨਿਕਲਿਆ ਜਦੋਂ ਉਸ ਦੇ ਨੱਕ ਅਤੇ ਕੰਨ ਵੱਢ ਦਿਤੇ ਗਏ ਸਨ ਤਾਂ ਉਹ ਅਰਬ ਭੱਜ ਗਈ ਜਿੱਥੇ ਲੁਕਣ ਲਈ ਰੇਗਿਸਤਾਨ ਸੀ ਕਿਉਂਕਿ ਉਸ ਦੇ ਨੱਕ ਅਤੇ ਕੰਨ ਵੱਢੇ ਗਏ ਸਨ, ਇਸ ਲਈ ਉਸ ਨੇ ਬੁਰਕੇ ਨਾਲ ਅਪਣਾ ਮੂੰਹ ਲੁਕਾਇਆ। ਬੁਰਕਾ ਮਨੁੱਖਾਂ ਲਈ ਜ਼ਰੂਰੀ ਨਹੀਂ ਹੈ।''

ਵਿਰੋਧੀ ਆਗੂਆਂ ਨੇ ਇਸ ਬਿਆਨ ਵਿਰੁਧ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ ਕਿ 'ਹਿੰਦੁਸਤਾਨ' ਵਾਲੇ ਬੁਰਕੇ ਮਗਰੋਂ ਸਿੱਖਾਂ ਦੀ ਦਸਤਾਰ ਨੂੰ ਵੀ ਗ਼ੈਰ-ਜ਼ਰੂਰੀ ਕਰਾਰ ਦੇਣਗੇ ਤੇ ਫਿਰ ਹਿੰਦੂਆਂ ਦੇ ਤਿਲਕ, ਜਨੇਊ ਵਿਰੁਧ ਵੀ ਫ਼ਤਵਾ ਦੇ ਦੇਣਗੇ। ਕੁੱਝ ਹਿੰਦੂ ਲੀਡਰਾਂ ਨੇ ਵੀ ਇਸ ਇਸ ਬਿਆਨ ਦਾ ਡੱਟ ਕੇ ਵਿਰੋਧ ਕੀਤਾ ਹੈ ਤੇ ਰਘੂਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ।