ਹਸਪਤਾਲ ’ਚ ਮਮਤਾ ਬੈਨਰਜੀ ਨੂੰ ਮਿਲਣ ਪਹੁੰਚੇ BJP ਨੇਤਾ
ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਜਥਾ ਵੀਰਵਾਰ ਨੂੰ ਕਲਕੱਤਾ...
ਕੋਲਕਾਤਾ: ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਜਥਾ ਵੀਰਵਾਰ ਨੂੰ ਕੋਲਕਾਤਾ ਦੇ ਐਮਐਸਕੇਐਮ ਹਸਪਤਾਲ ਵਿਚ ਪਹੁੰਚਿਆ। ਜਿੱਥੇ ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਇਹ ਨੇਤਾ ਮਮਤਾ ਨੂੰ ਨਹੀਂ ਮਿਲ ਸਕੇ। ਮਮਤਾ ਬੈਨਰਜੀ ਬੁੱਧਵਾਰ ਨੂੰ ਨੰਦੀਗ੍ਰਾਮ ਵਿਚ ਇਕ ਕਥਿਤ ਹਮਲੇ ਵਿਚ ਜਖਮੀ ਹੋ ਗਏ ਸਨ। ਉਦੋਂ ਉਨ੍ਹਾਂ ਨੂੰ ਉਥੋਂ ਤੁਰੰਤ ਕੋਲਕਾਤਾ ਲਿਆਂਦਾ ਗਿਆ ਸੀ।
ਅੱਜ ਵੀਰਵਾਰ ਨੂੰ ਮਾਮਲੇ ਉਤੇ ਵਿਵਾਦ ਦੇ ਵਿਚਾਲੇ ਮੇਘਾਲਿਆ ਅਤੇ ਤ੍ਰਿਪੁਰਾ ਦੇ ਸਾਬਕਾ ਰਾਜਪਾਲ ਤਥਾਗਤ ਰਾਏ ਅਤੇ ਬੀਜੇਪੀ ਦੀ ਰਾਜ ਇਕਾਈ ਦੇ ਬੁਲਾਰੇ ਸਾਮਿਕ ਭੱਟਾਚਾਰੀਆ ਹਸਪਤਾਲ ਜਾਣ ਵਾਲੇ ਜਥੇ ਵਿਚ ਸ਼ਾਮਲ ਸਨ । ਉਨ੍ਹਾਂ ਨੇ ਕਿਹਾ ਕਿ ਉਹ ਐਮਰਜੈਂਸੀ ਦੇ ਕਾਰਨਾਂ ਕਰਕੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨਾਲ ਮੁਲਾਕਾਤ ਨਹੀਂ ਕਰ ਸਕੇ।
ਭੱਟਾਚਾਰੀਆ ਨੇ ਕਿਹਾ, ਅਸੀਂ ਉਥੇ ਮੌਜੂਦ ਮੰਤਰੀ ਅਰੂਪ ਵਿਸਵਾਸ ਸਹਿਤ ਕਾਂਗਰਸ ਦੇ ਨੇਤਾਵਾਂ ਨੂੰ ਅਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਮੁੱਖ ਮੰਤਰੀ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਾਂ। ਦੱਸ ਦਈਏ ਕਿ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਸੀ ਕਿ ਨੰਦੀਗ੍ਰਾਮ ਵਿਚ ਚੋਣ ਪ੍ਰਚਾਰ ਦੇ ਦੌਰਾਨ ਚਾਰ-ਪੰਜ ਲੋਕਾਂ ਨੇ ਉਨ੍ਹਾਂ ਨੂੰ ਧੱਕਾ ਦਿੱਤਾ ਸੀ।
ਜਿਸਦੇ ਕਾਰਨ ਉਹ ਜਮੀਨ ਉਤੇ ਡਿਗ ਗਏ ਅਤੇ ਉਨ੍ਹਾਂ ਦੇ ਖੱਬੇ ਪੈਰ, ਲੱਕ, ਮੋਢੇ ਅਤੇ ਗਰਦਨ ਵਿਚ ਸੱਟ ਲੱਗੀ ਹੈ। ਉਨ੍ਹਾਂ ਦਾ ਐਮਐਸਕੇਐਮ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।