26 ਜਨਵਰੀ ਨੂੰ ਲਾਪਤਾ ਹੋਇਆ ਕਿਸਾਨ UNITED SIKKHS ਦੇ ਯਤਨਾਂ ਸਦਕਾ ਪਰਿਵਾਰ ਨੂੰ ਮਿਲਿਆ
ਪਰਿਵਾਰ ਵੱਲੋਂ ਸੰਪਰਕ ਤੋਂ ਬਾਅਦ ਸੰਸਥਾ ਨੇ ਕਿਸਾਨ ਨੂੰ ਲੱਭਣ ਲਈ ਅਰੰਭੀ ਸੀ ਮੁਹਿੰਮ
ਨਵੀਂ ਦਿੱਲੀ : ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖਜ਼ ਵੱਲੋਂ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਪਤਾ ਹੋਏ ਕਿਸਾਨਾਂ ਨੂੰ ਲੱਭਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਗਈ ਹੈ। ਸੰਸਥਾ ਨੇ ਅੱਜ ਜਸਵਿੰਦਰ ਸਿੰਘ ਨਾਮ ਦੇ ਲਾਪਤਾ ਕਿਸਾਨ ਨੂੰ ਲੱਭਣ ਵਿਚ ਸਫਲਤਾ ਹਾਸਲ ਕੀਤੀ ਹੈ। ਸੰਸਥਾ ਮੁਤਾਬਕ ਉਨ੍ਹਾਂ ਕੋਲ ਤਿੰਨ ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਸੀ, ਜਿਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ।
ਇਸੇ ਦੌਰਾਨ ਸੰਸਥਾ ਨੂੰ ਟਿੱਕਰੀ ਬਾਰਡਰ ਤੋਂ ਲਾਪਤਾ ਹੋਏ ਕਿਸਾਨ ਜਸਵਿੰਦਰ ਸਿੰਘ ਦੇ ਸਿੰਘੂ ਬਾਰਡਰ 'ਤੇ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਸੰਸਥਾ ਨੇ ਸਿੰਘ ਬਾਰਡਰ 'ਤੇ ਜਾ ਕੇ ਕਿਸਾਨ ਨੂੰ ਲੱਭਣ ਤੋਂ ਬਾਅਦ ਉਸ ਦੇ ਪਰਿਵਾਰ ਨਾਲ ਸੰਪਕਰ ਕੀਤਾ। ਇਸ ਸਬੰਧੀ ਦਿੱਲੀ ਦੇ ਮੁਡਕਾ ਥਾਣੇ ਅੰਦਰ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਲਾਪਤਾ ਕਿਸਾਨ ਜਸਵਿੰਦਰ ਸਿੰਘ ਦੇ ਸਾਲੇ ਅੰਗਰੇਜ਼ ਸਿੰਘ ਮੁਤਾਬਕ ਉਸ ਨੇ ਦਿੱਲੀ ਦੇ ਮੁਡਕਾ ਥਾਣੇ ਅੰਦਰ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕਿਸਾਨ ਦੇ ਪੁੱਤਰ ਵੱਲੋਂ ਸੰਸਥਾ ਨਾਲ ਈਮੇਲ ਜ਼ਰੀਏ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਸੰਸਥਾ ਨੇ ਲਾਪਤਾ ਕਿਸਾਨ ਦੀ ਫੋਟੋ ਲੱਗੇ ਪੋਸਟਰ ਛਪਵਾ ਕੇ ਵੱਖ ਵੱਖ ਥਾਵਾਂ 'ਤੇ ਲਗਾਏ ਗਏ ਸਨ।
ਇਨ੍ਹਾਂ ਪੋਸਟਰਾਂ ਦੇ ਅਧਾਰ 'ਤੇ ਹੀ ਸਿੰਘੂ ਬਾਰਡਰ ਤੋਂ ਕੁੱਝ ਵਿਅਕਤੀਆਂ ਲਾਪਤਾ ਕਿਸਾਨ ਦੇ ਉਨ੍ਹਾਂ ਕੋਲ ਹੋਣ ਦੀ ਸੂਚਨਾ ਸੰਸਥਾ ਨੂੰ ਦਿੱਤੀ। ਸੰਸਥਾ ਨੇ ਕਿਸਾਨ ਦੇ ਪਰਿਵਾਰ ਨਾਲ ਸੰਪਰਕ ਕਰ ਕੇ ਕਿਸਾਨ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।