ਦਿੱਲੀ ਦੇ ਬਾਰਡਰਾਂ 'ਤੇ ਪੱਕੀਆਂ ਉਸਾਰੀਆਂ ਕਰਨ ਲੱਗੇ ਕਿਸਾਨ, ਸੇਵਾ ਵਿਚ ਲੱਗੇ ਪੰਜਾਬ ਤੋਂ ਗਏ ਮਿਸਤਰੀ
ਵਧਦੀ ਗਰਮੀ ਤੋਂ ਇਲਾਵਾ ਅਗਾਮੀ ਬਰਸਾਤਾਂ ਦੇ ਮੱਦੇਨਜ਼ਰ ਆਰੰਭੀਆਂ ਤਿਆਰੀਆਂ
ਨਵੀਂ ਦਿੱਲੀ : ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਾਢੇ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ ਪਰ ਗੱਲਬਾਤ ਦਾ ਦੌਰ ਅਧਵਾਟੇ ਛੱਡ ਕੇਂਦਰ ਸਰਕਾਰ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਰੁੱਝ ਗਈ ਹੈ। ਕੇਂਦਰ ਦੇ ਵਤੀਰੇ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਨੇ ਵੀ ਲੰਮੇਰੇ ਸੰਘਰਸ਼ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਆਖਰਾ ਦੀ ਠੰਡ ਤੋਂ ਬਾਅਦ ਚੱਲ ਰਹੇ ਬਹਾਰ ਦੇ ਮੌਸਮ ਨੇ ਹੁਣ ਭਰ ਗਰਮੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ।
ਇਸ ਨੂੰ ਵੇਖਦਿਆਂ ਸੰਘਰਸ਼ੀ ਕਿਸਾਨਾਂ ਨੇ ਵੀ ਅਗਲੇਰੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਗਰਮੀ ਤੋਂ ਬਚਾਅ ਲਈ ਕੂਲਰ, ਪੱਖੇ, ਫਰਿੱਜਾਂ ਤੋਂ ਇਲਾਵਾ ਹੋਰ ਬਿਜਲਈ ਉਪਕਰਨਾਂ ਦੀ ਭਰਪਾਈ ਲਗਾਤਾਰ ਜਾਰੀ ਹੈ। ਭਰ ਗਰਮੀ ਅਤੇ ਉਸ ਤੋਂ ਬਾਅਦ ਬਰਸਾਤਾਂ ਦੇ ਮੌਸਮ ਨੂੰ ਵੇਖਦਿਆਂ ਕਿਸਾਨਾਂ ਨੇ ਹੁਣ ਦਿੱਲੀ ਦੇ ਬਾਰਡਰਾਂ 'ਤੇ ਪੱਕੀਆਂ ਉਸਾਰੀਆਂ ਕਰਨਾ ਆਰੰਭ ਦਿੱਤਾ ਹੈ।
ਇਹ ਮਕਾਨ ਬਣਾਉਣ ਵੇਲੇ ਸੀਮਿੰਟ, ਇੱਟਾਂ ਸਮੇਤ ਹਰ ਉਸ ਮਿਆਰ ਦਾ ਖਿਆਲ ਰੱਖਿਆ ਜਾ ਰਿਹਾ ਹੈ, ਜਿਹੋ ਜਿਹਾ ਆਮ ਰਿਹਾਇਸ਼ੀ ਮਕਾਨ ਉਸਾਰਨ ਵਕਤ ਰੱਖਿਆ ਜਾਂਦਾ ਹੈ। ਸਿੰਘੂ ਬਾਰਡਰ 'ਤੇ ਦੁਆਬਾ ਕਿਸਾਨ ਸੰਗਠਨ ਨਾਲ ਜੁੜੇ ਕਿਸਾਨਾਂ ਨੇ ਮਕਾਨ ਬਣਵਾਉਣ ਲਈ ਇੱਟਾਂ ਤੋਂ ਲੈ ਕੇ ਮਿਸਤਰੀ ਤਕ ਪੰਜਾਬ ਤੋਂ ਬੁਲਾਏ ਗਏ ਹਨ।
ਮਕਾਨ ਬਣਾ ਰਹੇ ਕਿਸਾਨਾਂ ਨੇ ਕਿਹਾ ਕਿ ਦੋ ਮੰਜ਼ਿਲਾ ਮਕਾਨ ਬਣਾਏ ਜਾ ਰਹੇ ਹਨ ਤੇ ਅਜਿਹੇ ਮਕਾਨਾਂ ਦੀ ਸੰਖਿਆ ਹੋਰ ਵੀ ਵਧਣ ਜਾ ਰਹੀ ਹੈ। ਦਰਅਸਲ ਪਲਾਸਟਿਕ ਦੇ ਟੈਂਟਾਂ 'ਚ ਠੰਢ ਦਾ ਮੌਸਮ ਕਿਸਾਨਾਂ ਨੇ ਕੱਢ ਲਿਆ ਪਰ ਗਰਮੀ ਨੇ ਮਾਰਚ ਮਹੀਨੇ ਹੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਉਹੀ ਹੈ ਜਦੋਂ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਇੱਥੇ ਹੀ ਰਹਿਣਗੇ।
ਸੰਘਰਸ਼ ਸਥਾਨਾਂ 'ਤੇ ਬਣਾਏ ਜਾ ਰਹੇ ਮਕਾਨ 60X20 ਦਾ ਹੋਵੇਗਾ ਤੇ ਇਸ 'ਚ ਤਿੰਨ ਕਮਰੇ ਬਣਾਏ ਜਾਣਗੇ। ਇਨ੍ਹਾਂ 'ਚ ਸਭ ਦੇ ਰੁਕਣ ਦੀ ਵਿਵਸਥਾ ਹੋਵੇਗੀ। ਮਕਾਨ 'ਚ ਫਰਿੱਜ, ਏਸੀ, ਪੱਖੇ ਸਭ ਪ੍ਰਬੰਧ ਹੋਣਗੇ। ਕਿਸਾਨ ਗੁਰਮੀਤ ਸਿੰਘ ਨੇ ਕਿਹਾ ਜਿਸ ਦਿਨ ਉਨ੍ਹਾਂ ਦੀ ਮੰਗ ਪੂਰੀ ਹੋ ਜਾਵੇਗੀ ਉਹ ਆਪਣੇ ਮਕਾਨ ਦੀ ਇਕ-ਇਕ ਇੱਟ ਇੱਥੋਂ ਲੈ ਕੇ ਚਲੇ ਜਾਣਗੇ।
ਇਨ੍ਹਾਂ ਮਕਾਨਾਂ 'ਚ ਲਾਈਆਂ ਜਾਣ ਵਾਲੀਆਂ ਇੱਟਾਂ P&H ਯਾਨੀ ਪੰਜਾਬ ਤੇ ਹਰਿਆਣਾ ਦੇ ਨਾਂ 'ਤੇ ਬਣਾਈਆਂ ਗਈਆਂ ਹਨ। ਕਿਸਾਨਾਂ ਦਾ ਸਪਸ਼ਟ ਸੁਨੇਹਾ ਹੈ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਉਹ ਵਾਪਸ ਨਹੀਂ ਜਾਣਗੇ। ਇਸ ਲਈ ਗਰਮੀ 'ਚ ਰਹਿਣ ਦਾ ਬੰਦੋਬਸਤ ਕਰ ਰਹੇ ਹਨ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਗਰਮੀ ਨੇ ਅਗੇਤੀ ਦਸਤਕ ਦਿੱਤੀ ਹੈ ਅਤੇ ਆਉਂਦੇ ਦਿਨਾਂ ਵਿਚ ਇਸ ਵਿਚ ਤੇਜ਼ੀ ਨਾਲ ਵਾਧਾ ਹੋਣ ਦੇ ਆਸਾਰ ਹਨ।