ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਅਲਬਨੀਜ਼ ਨਾਲ ਕੀਤੀ ਮੁਲਾਕਾਤ
ਆਸਟ੍ਰੇਲੀਆ ’ਚ ਮੰਦਰਾਂ ’ਤੇ ਹੋ ਰਹੇ ਹਮਲਿਆਂ ਦੇ ਨਾਲ-ਨਾਲ ਵਿਚਾਰੇ ਹੋਰ ਮਸਲੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਅਪਣੇ ਆਸਟ੍ਰੇਲੀਅਨ ਹਮਰੁਤਬਾ ਐਂਥਨੀ ਅਲਬਨੀਜ਼ ਅੱਗੇ ਹਾਲ ਹੀ ਵਿਚ ਆਸਟ੍ਰੇਲੀਆ ’ਚ ਮੰਦਰਾਂ ’ਤੇ ਹੋਏ ਹਮਲਿਆਂ ਦਾ ਮੁੱਦਾ ਚੁਕਿਆ। ਇਹ ਮਾਮਲਾ ਉਨ੍ਹਾਂ ਦੀ ਉਸ ਵਿਆਪਕ ਗੱਲਬਾਤ ਦੌਰਾਨ ਚਰਚਾ ਲਈ ਆਇਆ, ਜਿਸ ਦਾ ਮਕਸਦ ਸਮੁੱਚੇ ਸਬੰਧਾਂ ਦਾ ਵਿਸਤਾਰ ਕਰਨਾ ਸੀ। ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਸਟ੍ਰੇਲਆ ’ਚ ਮੰਦਰਾਂ ’ਤੇ ਹਮਲੇ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਉਨ੍ਹਾਂ ਕਿਹਾ,‘‘ਸੁਭਾਵਕ ਹੈ, ਅਜਿਹੇ ਸਮਾਚਾਰ ਭਾਰਤ ’ਚ ਸਾਰੇ ਲੋਕਾਂ ਨੂੰ ਚਿੰਤਤ ਕਰਦੇ ਹਨ ਅਤੇ ਸਾਡੇ ਮਨ ਨੂੰ ਦੁਖੀ ਕਰਦੇ ਹਨ।’’ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਭਾਵਨਾਵਾਂ ਅਤੇ ਚਿੰਤਾਵਾਂ ਤੋਂ ਪ੍ਰਧਾਨ ਮੰਤਰੀ ਅਲਬਨੀਜ਼ ਨੂੰ ਜਾਣੂ ਕਰਵਾਇਆ।
ਪ੍ਰਧਾਨ ਮੰਤਰੀ ਨੇ ਕਿਹਾ,‘‘ਉਨ੍ਹਾਂ ਨੇ ਮੈਨੂੰ ਭਰੋਸਾ ਦਿਤਾ ਹੈ ਕਿ ਭਾਰਤੀ ਭਾਈਚਾਰੇ ਦੀ ਸੁਰੱਖਿਆ ਉਨ੍ਹਾਂ ਲਈ ਵਿਸ਼ੇਸ਼ ਪਹਿਲ ਹੈ।’’ ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿਸ਼ੇ ’ਤੇ ਦੋਹਾਂ ਦੇਸ਼ਾਂ ਦੇ ਦਲ ਲਗਾਤਾਰਰ ਸੰਪਰਕ ’ਚ ਰਹਿਣਗੇ ਅਤੇ ਸੰਭਵ ਸਹਿਯੋਗ ਕਰਨਗੇ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਆਸਟ੍ਰੇਲੀਅਨ ਹਮਰੁਤਬਾ ਨਾਲ ਹਿੰਦ-ਪ੍ਰਸ਼ਾਂਤ ਖੇਤਰ ’ਚ ਸਮੁੰਦਰੀ ਸੁਰੱਖਿਆ ਅਤੇ ਆਪਸੀ ਸੁਰੱਖਿਆ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ।
ਮੋਦੀ ਨੇ ਕਿਹਾ, ‘‘ਅਸੀਂ ਭਰੋਸੇਯੋਗ ਅਤੇ ਮਜ਼ਬੂਤ ਗਲੋਬਲ ਸਪਲਾਈ ਚੇਨ ਵਿਕਸਤ ਕਰਨ ਲਈ ਆਪਸੀ ਸਹਿਯੋਗ ’ਤੇ ਚਰਚਾ ਕੀਤੀ।’’ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਦੋਵੇਂ ਪੱਖ ਇਕ ਵਿਆਪਕ ਆਰਥਕ ਸਮਝੌਤੇ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ,‘‘ਰਖਿਆ ਦੇ ਖੇਤਰ ’ਚ ਅਸੀਂ ਪਿਛਲੇ ਕੁਝ ਸਾਲਾਂ ’ਚ ਜ਼ਿਕਰਯੋਗ ਸਮਝੌਤੇ ਕੀਤੇ ਹਨ, ਜਿਨ੍ਹਾਂ ’ਚ ਇਕ-ਦੂਜੇ ਦੀਆਂ ਫ਼ੌਜਾਂ ਲਈ ਸਾਜ਼ੋ-ਸਮਾਨ ਸਬੰਧੀ ਸਹਿਯੋਗ ਵੀ ਸ਼ਾਮਲ ਹੈ।’’
ਅਲਬਨੀਜ਼ ਨੇ ਅਪਣੀ ਟਿਪਣੀ ’ਚ ਕਿਹਾ ਕਿ ਮੋਦੀ ਅਤੇ ਉਹ ਭਾਰਤ-ਆਸਟ੍ਰੇਲੀਆ ਵਿਆਪਕ ਆਰਥਕ ਸਹਿਯੋਗ ਸਮਝੌਤੇ ਨੂੰ ਜਲਦ ਤੋਂ ਜਲਦ ਪੂਰਾ ਕਰਨ ’ਤੇ ਸਹਿਮਤ ਹੋਏ। ਉਨ੍ਹਾਂ ਕਿਹਾ,‘‘ਮੈਨੂੰ ਉਮੀਦ ਹੈ ਕਿ ਅਸੀਂ ਇਸ ਸਾਲ ਇਸ ਨੂੰ ਅੰਤਮ ਰੂਪ ਦੇ ਦੇਵਾਂਗੇ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਅਹਿਮਦਾਬਾਦ ਅਤੇ ਮੁੰਬਈ ’ਚ ਅਪਣੇ ਪ੍ਰੋਗਰਾਮਾਂ ਦੀ ਸਮਾਪਤੀ ਤੋਂ ਬਾਅਦ ਵੀਰਵਾਰ ਸ਼ਾਮ ਦਿੱਲੀ ਪਹੁੰਚੇ।