ਹੁਣ ਰਾਸ਼ਟਰਪਤੀ ਭਵਨ ਵਿਚ ਵੀ ਔਰਤਾਂ ਸੁਰੱਖਿਅਤ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਔਰਤ ਨੇ ਰਾਸ਼ਟਰਪਤੀ ਭਵਨ ਦੇ ਇਕ ਕਰਮਚਾਰੀ ‘ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਲਗਾਏ ਦੋਸ਼।

women not safe

ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਕ ਔਰਤ ਨੇ ਰਾਸ਼ਟਰਪਤੀ ਭਵਨ ਦੇ ਇਕ ਕਰਮਚਾਰੀ ‘ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਡਿਪਟੀ ਕਮਿਸ਼ਨਰ ਮਧੁਰ ਵਰਮਾ ਨੇ ਦੱਸਿਆ ਕਿ ਆਪਣੀ ਸ਼ਿਕਾਇਤ ਵਿਚ ਔਰਤ ਨੇ ਦੋਸ਼ ਲਗਾਏ ਹਨ ਕਿ ਵਿਅਕਤੀ ਨੇ ਉਸਦੇ ਨਾਲ ਕਥਿਤ ਤੌਰ ‘ਤੇ ਸ਼ਰੀਰਿਕ ਸਬੰਧ ਬਣਾਏ ਸਨ।

ਉਹਨਾਂ ਨੇ ਦੱਸਿਆ ਕਿ ਨਾਰਥ ਏਵੇਨਿਊ ਥਾਣੇ ਵਿਚ ਮੰਗਲਵਾਰ ਨੂੰ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਔਰਤ ਨੇ ਦੌਸ਼ ਲਗਾਇਆ ਹੈ ਕਿ ਰਾਸ਼ਟਰਪਤੀ ਭਵਨ ਦੇ ਸਟਾਫ ਕੁਆਟਰ ਵਿਚ ਉਸ ਨਾਲ ਬਲਾਤਕਾਰ ਕੀਤਾ ਗਿਆ। ਹਾਲਾਂਕਿ ਡੀਸੀਪੀ ਨੇ ਦਾਅਵੇ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਦੋਸ਼ੀ ਕਾਲੀ ਬਾੜੀ ਵਿਚ ਰਹਿੰਦਾ ਸੀ, ਜਿੱਥੇ ਔਰਤ ਅਕਸਰ ਉਸ ਨੂੰ ਮਿਲਣ ਜਾਇਆ ਕਰਦੀ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਨਾਲ ਹੀ ਉਹਨਾਂ ਕਿਹਾ ਕਿ ਉਹ ਵਿਅਕਤੀ ਖਿਲਾਫ ਲੱਗੇ ਦੋਸ਼ਾਂ ਦੀ ਪੁਸ਼ਟੀ ਕਰ ਰਹੇ ਹਨ।

ਉੱਧਰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਇਕ ਡਰਾਈਵਰ ਅਤੇ ਕੰਡਕਟਰ ਨੇ 15 ਸਾਲ ਦੀ ਇਕ ਲੜਕੀ ਨਾਲ ਕਥਿਤ ਤੌਰ ‘ਤੇ ਅਗਵਾ ਤੋਂ ਬਾਅਦ ਸਾਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਘਟਨਾ ਐਤਵਾਰ ਰਾਤ ਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਦੋਸ਼ੀ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਕਈ ਨਿਯਮ ਬਣਾਉਣ ਦੇ ਬਾਵਜੂਦ ਵੀ ਅਜਿਹੇ ਮਾਮਲੇ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੇ। ਰਾਸ਼ਟਰਪਤੀ ਭਵਨ ਵਿਚ ਵੀ ਔਰਤਾਂ ਦਾ ਸੁਰੱਖਿਅਤ ਨਾ ਹੋਣਾ ਬਹੁਤ ਹੀ ਗੰਭੀਰ ਮਾਮਲਾ ਹੈ, ਭਾਵੇਂ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ, ਪਰ ਦੇਖਣਾ ਹੋਵੇਗਾ ਕਿ ਪੁਲਿਸ ਦੀ ਇਹ ਜਾਂਚ ਕਦੋਂ ਖ਼ਤਮ ਹੋਵੇਗੀ ਅਤੇ ਇਹੋ ਜਿਹੀਆਂ ਵਾਰਦਾਤਾਂ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਕੀ ਕਦਮ ਚੁੱਕਦੀ ਹੈ।