ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ‘ਤੇ ਭੜਕੀ ਮਹਿਲਾ ਏਸੀਪੀ, ਪੜ੍ਹੋ ਪੂਰੀ ਖ਼ਬਰ
ਭਾਰਤ ਇਸ ਸਮੇਂ ਬਹੁਤ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਹੈ।
ਨਵੀਂ ਦਿੱਲੀ: ਭਾਰਤ ਇਸ ਸਮੇਂ ਬਹੁਤ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਨੇ ਲੋਕਾਂ ਨੂੰ ਘਰਾਂ ਵਿਚ ਹੀ ਕੈਦ ਕਰ ਦਿੱਤਾ ਹੈ। ਹੁਣ ਤੱਕ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਕਈ ਮੌਤਾਂ ਹੋ ਚੁੱਕੀਆਂ ਹਨ। ਪਰ ਸੋਸ਼ਲ ਮੀਡੀਆ ‘ਤੇ ਇਸ ਮਹਾਮਾਰੀ ਦੌਰਾਨ ਹਾਲੇ ਵੀ ਹਿੰਦੂ-ਮੁਸਲਿਮ ਨੂੰ ਲੈ ਕੇ ਨਫ਼ਰਤ ਫੈਲਾਈ ਜਾ ਰਹੀ ਹੈ।
ਤਬਲੀਗੀ ਜਮਾਤ ਦੇ ਜ਼ਰੀਏ ਇਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਨਫ਼ਰਤ ਨੂੰ ਦੇਖ ਦੇ ਹੋਏ ਕਰਨਾਟਕਾ ਦੇ ਧਰਵਾੜ ਦੀ ਇਕ ਮਹਿਲਾ ਅਫਸਰ ਨੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਕਰਨਾਟਕ ਦੇ ਧਾਰਵਾੜ ਵਿਚ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਅਨੁਸ਼ਾ ਨੇ ਅਪਣੇ ਕਾਰਜਖੇਤਰ ਵਿਚ ਮੁਸਲਿਮ ਭਾਈਚਾਰੇ ਦੇ ਨੇਤਾਵਾਂ ਨੂੰ ਸੰਬੋਧਨ ਕੀਤਾ।
ਉਹਨਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਨਫ਼ਰਤੀ ਮਾਹੌਲ ਪੈਦਾ ਕਰਨ ਸਬੰਧੀ ਅਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ ਸਾਲ 2002 ਵਿਚ ਗੁਜਰਾਤ ਦੰਗਿਆਂ ਦੌਰਾਨ ਇਕ ਮੁਸਲਿਮ ਡਾਕਟਰ ਨੇ ਉਸ ਦੀ ਜਾਨ ਬਚਾਈ ਸੀ। ਏਸੀਪੀ ਅਨੁਸ਼ਾ ਨੇ ਦੱਸਿਆ ਕਿ ਉਸ ਸਮੇਂ ਸਾਰੇ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਲਈ ਹੱਥ ਖੜ੍ਹੇ ਕਰ ਦਿੱਤੇ ਸਨ, ਉਸ ਸਮੇਂ ਇਕ ਮੁਸਲਿਮ ਡਾਕਟਰ ਉਸ ਦੀ ਜਾਨ ਬਚਾਉਣ ਲਈ ਅੱਗੇ ਆਇਆ ਸੀ।
ਉਹਨਾਂ ਨੇ ਡਾਕਟਰ ਦਾ ਨਾਂਅ ਸਈਦ ਸਾਦਿਕ ਦੱਸਿਆ ਅਤੇ ਕਿਹਾ ਕਿ ਉਹਨਾਂ ਨੇ ਉਸ ਨੂੰ ਦੂਜਾ ਜਨਮ ਦਿੱਤਾ ਹੈ। ਉਹਨਾ ਕਿਹਾ ਕਿ ਉਹ ਅਪਣੇ ਖੇਤਰ ਵਿਚ ਨਫ਼ਰਤ ਦਾ ਮਾਹੌਲ ਪੈਦਾ ਨਹੀਂ ਹੋਣ ਦੇਵੇਗੀ। ਸੋਸ਼ਲ ਮੀਡੀਆ ‘ਤੇ ਏਸੀਪੀ ਅਨੁਸ਼ਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।