ਮਹਾਰਾਸ਼ਟਰ ਦੇ ਮੰਦਿਰ 'ਚ 40 ਲੋਕਾਂ 'ਤੇ ਡਿੱਗਿਆ 100 ਸਾਲ ਪੁਰਾਣਾ ਦਰੱਖਤ, 7 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

37 ਲੋਕ ਜ਼ਖਮੀ

photo

 

ਅਕੋਲਾ— ਮਹਾਰਾਸ਼ਟਰ ਦੇ ਅਕੋਲਾ ਜ਼ਿਲੇ 'ਚ ਤੇਜ਼ ਹਵਾ ਅਤੇ ਬਾਰਿਸ਼ ਕਾਰਨ ਮੰਦਿਰ ਕੰਪਲੈਕਸ 'ਚ ਟੀਨ ਦੇ ਸ਼ੈੱਡ 'ਤੇ ਦਰੱਖਤ ਡਿੱਗਣ ਕਾਰਨ ਇਸ ਦੇ ਹੇਠਾਂ ਖੜ੍ਹੇ 7 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਕੋਲਾ ਕਲੈਕਟਰ ਨੀਮਾ ਅਰੋੜਾ ਨੇ ਦੱਸਿਆ ਕਿ ਇਹ ਘਟਨਾ ਬਾਲਾਪੁਰ ਤਾਲੁਕਾ ਦੇ ਅਧੀਨ ਪਾਰਸ ਪਿੰਡ ਦੇ ਬਾਬੂਜੀ ਮਹਾਰਾਜ ਮੰਦਿਰ 'ਚ ਐਤਵਾਰ ਸ਼ਾਮ 7.30 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਲੋਕ 'ਮਹਾਂ ਆਰਤੀ' ਲਈ ਉੱਥੇ ਇਕੱਠੇ ਹੋਏ ਸਨ।

ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, ਦੋ ਦੀ ਮੌਤ, 20 ਲਾਪਤਾ

ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਨੂੰ 'ਬਹੁਤ ਗੰਭੀਰ ਅਤੇ ਮੰਦਭਾਗਾ' ਕਰਾਰ ਦਿੱਤਾ। ਫੜਨਵੀਸ ਨੇ ਕਿਹਾ ਕਿ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 37 ਹੋਰ ਜ਼ਖਮੀ ਹੋਏ ਹਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਦੁਖਦਾਈ ਖ਼ਬਰ, ਇਸ ਗਾਇਕ ਦੀ ਸੜਕ ਹਾਦਸੇ 'ਚ ਹੋਈ ਮੌਤ

ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਜ਼ਖਮੀਆਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਤੇਜ਼ ਹਵਾ ਅਤੇ ਮੀਂਹ ਕਾਰਨ ਇੱਕ 100 ਸਾਲ ਪੁਰਾਣਾ ਦਰੱਖਤ ਟੀਨ ਦੇ ਸ਼ੈੱਡ 'ਤੇ ਡਿੱਗ ਗਿਆ। ਘਟਨਾ ਦੇ ਸਮੇਂ ਸ਼ੈੱਡ ਦੇ ਹੇਠਾਂ ਕਰੀਬ 40 ਲੋਕ ਮੌਜੂਦ ਸਨ। ਪ੍ਰਸ਼ਾਸਨ ਨੇ ਦੱਸਿਆ ਕਿ ਪੰਜ ਮਰਦ ਅਤੇ ਦੋ ਔਰਤਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖਮੀ ਹੋ ਗਏ।