ਨਵੀਂ ਦਿੱਲੀ: ਉਤਰ ਪ੍ਰਦੇਸ਼ ਪੁਲਿਸ ਨੇ ਸੋਮਵਾਰ ਨੂੰ ਮੇਰਠ ਵਿਚ ਟ੍ਰਾਂਸਜੈਂਡਰਾਂ ਦੇ ਇਕ ਸਮੂਹ 'ਤੇ ਲਾਠੀਚਾਰਜ ਕਰ ਦਿੱਤਾ। ਇਸ ਘਟਨਾ ਦੀ ਇਕ ਵੀਡੀਉ ਵੀ ਸਾਹਮਣੇ ਆਈ ਹੈ ਜਿਸ ਵਿਚ ਪੁਲਿਸ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਹੈ ਅਤੇ ਉਹ ਬਚਣ ਲਈ ਇਧਰ ਉਧਰ ਭੱਜ ਰਹੇ ਹਨ। ਇਕ ਰਿਪੋਰਟ ਅਨੁਸਾਰ ਇਹ ਘਟਨਾ ਮੇਰਠ ਦੇ ਲਾਲ ਕੁਰਤੀ ਪੁਲਿਸ ਸੇਟਸ਼ਨ ਦੀ ਹੈ।
ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਉਹਨਾਂ ਨੇ ਲੋਕਾਂ ਤੋਂ ਮਿਲੀਆਂ ਵਸਤੂਆਂ ਨੂੰ ਵੰਡਣ 'ਤੇ ਦੂਜੇ ਸਮੂਹ ਨਾਲ ਝਗੜਾ ਸ਼ੁਰੂ ਕਰ ਦਿੱਤਾ। ਸੂਤਰਾਂ ਮੁਤਾਬਕ ਦੋਵਾਂ ਪੱਖਾਂ ਨੇ ਲਾਲ ਕੁਰਤੀ ਖੇਤਰ ਦੇ ਫੁਹਾਰਾ ਚੌਂਕ ਕੋਲ ਇਕ ਘਰ ਵਿਚ ਬਹੁਤ ਹੰਗਾਮਾ ਕੀਤਾ। ਹੰਗਾਮੇ ਦੀ ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਲਿਸ ਨ ਦੋਵਾਂ ਪੱਖਾਂ ਨੂੰ ਭਜਾਇਆ। ਉਸ ਤੋਂ ਬਾਅਦ ਦੋਵੇਂ ਪੱਖ ਥਾਣੇ ਪਹੁੰਚੇ ਅਤੇ ਉੱਥੇ ਵੀ ਉਹਨਾਂ ਨੇ ਜ਼ਬਰਦਸਤ ਹੰਗਾਮਾ ਕੀਤਾ।
ਇਸ ਪ੍ਰਕਾਰ ਪੁਲਿਸ ਦੇ ਕਹਿਣ 'ਤੇ ਵੀ ਉਹਨਾਂ ਨੇ ਹੰਗਾਮਾ ਬੰਦ ਨਾ ਕੀਤਾ ਜਿਸ ਕਰਕੇ ਪੁਲਿਸ ਨੇ ਉਹਨਾਂ ਉਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਦੀ ਵੀਡੀਉ ਵੀ ਬਣਾਈ ਗਈ ਹੈ ਜਿਸ ਵਿਚ ਟ੍ਰਾਂਸਜੈਂਡਰ ਨੂੰ ਕੁਟਾਪਾ ਚਾੜ੍ਹਨ ਦੌਰਾਨ ਬਚਣ ਲਈ ਉਹ ਇਧਰ ਉਧਰ ਭੱਜ ਰਹੇ ਹਨ। ਘਟਨਾ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਨਿਤਿਨ ਤਿਵਾਰੀ ਨੇ ਕਿਹਾ ਕਿ ਉਹਨਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੇ ਉਹਨਾਂ ਵਿਰੁਧ ਸਖ਼ਤੀ ਵਰਤੀ।
ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਜ਼ਰੂਰਤ ਤੋਂ ਜ਼ਿਆਦਾ ਸਖ਼ਤੀ ਦਾ ਰਵੱਈਆ ਵਰਤਿਆ ਹੋਇਆ ਤਾਂ ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਰਿਪੋਰਟ ਮੁਤਾਬਕ ਇਹਨਾਂ ਦੋਵਾਂ ਸਮੂਹਾਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਗਈ ਹੈ।