ਧਰਨੇ 'ਤੇ ਬੈਠੇ ਸਿੱਖ ਆਗੂਆਂ ਉਪਰ ਪੁਲਿਸ ਨੇ ਕੀਤਾ ਲਾਠੀਚਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲਾ-ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਗ੍ਰੰਥੀ ਸਿੰਘ ਨਾਲ ਕਮੇਟੀ ਵਲੋਂ ਬਦਸਲੂਕੀ ਕਰਨ ਦਾ

Pic

ਬਹਾਦਰਗੜ੍ਹ / ਰਾਜਪੁਰਾ : ਅੱਜ ਇਥੋਂ ਦੇ ਰਾਜਪੁਰਾ ਪਟਿਆਲਾ ਰੋਡ 'ਤੇ ਸਥਿਤ ਪਿੰਡ ਨਰੜੂ ਮੋੜ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪੈਂਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕਮੇਟੀ ਵਲੋਂ ਗ੍ਰੰਥੀ ਸਿੰਘ ਨਾਲ ਬਦਸਲੂਕੀ ਕਰਨ 'ਤੇ ਸਿੱਖ ਸੰਗਤਾਂ ਸਮੇਤ ਵੱਖ-ਵੱਖ ਜਥੇਬੰਦੀਆਂ ਵਲੋਂ ਹਾਈਵੇ 'ਤੇ ਸੜਕੀ ਆਵਜਾਈ ਬੰਦ ਕਰ ਕੇ ਧਰਨਾ ਲਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਵਲੋਂ ਲਾਠੀ ਚਾਰਜ ਕਰਨ ਤੋਂ ਬਾਅਦ ਧਰਨਾ ਚੁਕਵਾ ਦਿਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਿਡ ਸਿੱਖ ਪਾਰਟੀ ਦੇ ਆਗੂ ਭਾਈ ਜਸਵਿੰਦਰ ਸਿੰਘ ਅਤੇ ਸਤਿਕਾਰ ਕਮੇਟੀ ਆਗੂ ਇੰਦਰਜੀਤ ਸਿੰਘ ਨੇ ਦਸਿਆ ਕਿ ਐਸਜੀਪੀਸੀ ਅਧੀਨ ਪੈਂਦੇ ਪਿੰਡ ਨਰੜੂ ਗੁਰਦੁਆਰਾ ਸਾਹਿਬ ਵਿਖੇ ਕਮੇਟੀ ਵਲੋਂ ਗ੍ਰੰਥੀ ਸਿੰਘ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਕਿਹਾ ਕਿ 1300 ਰੁਪਏ ਮਹੀਨੇ ਦੀ ਤਨਖ਼ਾਹ ਦਿਤੀ ਜਾਂਦੀ ਹੈ ਅਤੇ ਗ੍ਰੰਥੀ ਸਿੰਘ ਨੂੰ ਕਮੇਟੀ ਵਲੋਂ ਬਿਨਾਂ ਗ਼ਲਤੀ ਤੋਂ ਸੇਵਾਮੁਕਤ ਕਰ ਕੇ ਗੁਰਦੁਆਰਾ ਸਾਹਿਬ ਤੋਂ ਕੱਢ ਦਿਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜਦੋਂ ਸਿੱਖ ਜਥੇਬੰਦੀ ਯੂਨਾਈਟਿਡ ਸਿੱਖ ਪਾਰਟੀ ਆਗੂ ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਬਰਜਿੰਦਰ ਸਿੰਘ ਸਮੇਤ ਹੋਰਨਾਂ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮਾਮਲੇ ਨੂੰ ਸੁਲਝਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਇਕੱਤਰ ਹੋ ਗਈਆਂ ਸਨ। ਗੁਰਦੁਆਰਾ ਕਮੇਟੀ ਦੇ ਮੈਂਬਰ ਇਸ ਮਾਮਲੇ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਨਹੀ ਪਹੁੰਚੇ ਅਤੇ ਸਿੱਖ ਸੰਗਤਾਂ ਨੇ ਕਮੇਟੀ ਵਿਰੁਧ ਰਾਜਪੁਰਾ ਪਟਿਆਲਾ ਹਾਈਵੇ ਵਿਖੇ ਪਿੰਡ ਦੀਆਂ ਬੀਬੀਆਂ ਸਮੇਤ ਸਿੱਖ ਸੰਗਤਾਂ ਨੇ ਧਰਨਾ ਲਾ ਦਿਤਾ।

ਭਾਈ ਜਸਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਸ਼ਾਂਤਮਈ ਧਰਨਾ ਲਾ ਕੇ ਬੈਠੇ ਸਿੱਖ ਸੰਗਤਾਂ ਤੇ ਪੁਲਿਸ ਨੇ ਲਾਠੀਚਾਰਜ ਕਰ ਕੇ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੇਖਣ ਵਿਚ ਇਹ ਵੀ ਆਇਆ ਕਿ ਪੁਲਿਸ ਦੇ ਲਾਠੀਚਾਰਜ ਵੇਲੇ ਦਸਤਾਰਾਂ ਤੇ ਕੇਸਾਂ ਦੀ ਰੱਜ ਕੇ ਬੇਅਦਬੀ ਕੀਤੀ ਗਈ। ਕਈ ਸਿੱਖਾਂ ਦੀਆਂ ਦਸਤਾਰਾਂ ਉਤਰ ਕੇ ਸੜਕ 'ਤੇ ਡਿੱਗ ਪਈਆਂ।