'ਦੇਸ਼ ਅੰਦਰ ਕਈ ਥਾਈਂ ਵੱਧ ਸਕਦੀ ਹੈ ਕਰੋਨਾ ਵਾਇਰਸ ਫ਼ੈਲਣ ਦੀ ਰਫ਼ਤਾਰ'
ਹੁਣ ਤਕ 0.73 ਫ਼ੀ ਸਦੀ ਆਬਾਦੀ ਹੀ ਕੋਰੋਨਾ ਵਾਇਰਸ ਦੀ ਲਪੇਟ ਵਿਚ
ਨਵੀਂ ਦਿੱਲੀ : ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਮੁਖੀ ਪ੍ਰੋਫ਼ੈਸਰ ਡਾ. ਬਲਰਾਮ ਭਾਰਗਵ ਨੇ ਕਿਹਾ ਹੈ ਕਿ ਭਾਰਤ ਵੱਡਾ ਦੇਸ਼ ਹੈ ਅਤੇ ਇਥੇ ਕੋਰੋਨਾ ਵਾਇਰਸ ਦੀ ਵਿਆਪਕਤਾ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਮਿਊਨਿਟੀ ਫੈਲਾਅ ਦੇ ਪੜਾਅ ਵਿਚ ਨਹੀਂ ਹੈ। ਦੇਸ਼ ਵਿਚ ਹੁਣ ਤਕ 0.73 ਫ਼ੀ ਸਦੀ ਆਬਾਦੀ ਹੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਈ ਹੈ।
ਭਾਰਗਵ ਨੇ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਭਾਰਤ ਵਿਚ ਮ੍ਰਿਤਕਾਂ ਦੀ ਗਿਣਤੀ ਵੀ ਦੁਨੀਆਂ ਵਿਚ ਸੱਭ ਤੋਂ ਘੱਟ ਹੈ। ਉਂਜ, ਉਨ੍ਹਾਂ ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਲੋਕਾਂ ਨੂੰ ਸਾਵਧਾਨ ਹੋਣ ਦੀ ਤਾਕੀਦ ਕੀਤੀ। ਡਾ. ਭਾਰਗਵ ਨੇ ਇਹ ਵੀ ਕਿਹਾ ਕਿ ਵੱਡੀ ਆਬਦੀ ਹੁਣ ਵੀ ਖ਼ਤਰੇ ਹੇਠ ਹੈ, ਇਸ ਲਈ ਲਾਗ ਦੇਸ਼ ਦੇ ਕਈ ਹਿੱਸਿਆਂ ਵਿਚ ਤੇਜ਼ੀ ਨਾਲ ਫੈਲ ਸਕਦੀ ਹੈ।
ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਪਿੰਡਾਂ ਦੀ ਤੁਲਨਾ ਵਿਚ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਸ਼ਹਿਰਾਂ ਦੀਆਂ ਝੁੱਗੀਆਂ ਬਸਤੀਆਂ ਵਿਚ ਲਾਗ ਦਾ ਖ਼ਤਰਾ ਸੱਭ ਤੋਂ ਜ਼ਿਆਦਾ ਹੈ। ਇਸ ਲਈ ਇਲਾਜ ਅਤੇ ਦਵਾਈਆਂ ਤੋਂ ਵੱਖ, ਹੋਰ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਨੂੰ ਸਥਾਨਕ ਪੱਧਰ'ਤੇ ਤਾਲਾਬੰਦੀ ਲਾਗੂ ਕਰਨੀ ਪਵੇਗੀ। ਕੰਟੇਨਮੈਂਟ ਜ਼ੋਨ ਵਿਚ ਲਾਗ ਦਾ ਪੱਧਰ ਬਹੁਤ ਜ਼ਿਆਦਾ ਹੈ।
ਸਿਰੋ ਸਰਵੇ ਬਾਰੇ ਜਾਣਕਾਰੀ ਦਿੰਦਿਆਂ ਭਾਰਗਵ ਨੇ ਕਿਹਾ ਕਿ ਇਸ ਸਰਵੇ ਵਿਚ ਅਹਿਮ ਗੱਲਾਂ ਦਾ ਪਤਾ ਲਗਦਾ ਹੈ। ਇਸ ਸਰਵੇ ਜ਼ਰੀਏ ਆਮ ਆਦਮੀ ਦੇ ਐਂਟੀਬਾਡੀ ਦੀ ਜਾਂਚ ਕੀਤੀ ਜਾਂਦੀ ਹੈ। ਇਸ ਜਾਂਚ ਲਈ ਲੋਕਾਂ ਦੇ ਖ਼ੂਨ ਦੇ ਨਮੂਨੇ ਲੈ ਕੇ ਐਂਟੀਬਾਡੀ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਵੇ ਤੋਂ ਪਤਾ ਲਗਦਾ ਹੈ ਕਿ ਕੁਲ ਕਿੰਨੀ ਫ਼ੀ ਸਦੀ ਆਬਾਦੀ ਵਾਇਰਸ ਤੋਂ ਪੀੜਤ ਹੋ ਚੁਕੀ ਹੈ ਅਤੇ ਕਿਥੇ ਖ਼ਤਰਾ ਜ਼ਿਆਦਾ ਹੈ।
ਉਨ੍ਹਾਂ ਦਸਿਆ ਕਿ ਦੇਸ਼ ਦੇ 83 ਜ਼ਿਲ੍ਹਿਆਂ ਵਿਚ 26400 ਲੋਕਾਂ 'ਤੇ ਅਪ੍ਰੈਲ ਦੇ ਅੰਤ ਦੀ ਹਾਲਤ ਬਾਰੇ ਇਹ ਸਰਵੇ ਕਰਵਾਇਆ ਗਿਆ। ਸਰਵੇ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਵਿਚ 0.73 ਫ਼ੀ ਸਦੀ ਲੋਕਾਂ ਅੰਦਰ ਹੀ ਲਾਗ ਦੇ ਸਬੂਤ ਮਿਲੇ ਜਿਸ ਦਾ ਅਰਥ ਹੈ ਕਿ ਤਾਲਾਬੰਦੀ ਦਾ ਹਾਂਪੱਖੀ ਅਸਰ ਰਿਹਾ ਅਤੇ ਲਾਗ ਦੇ ਤੇਜ਼ ਫੈਲਾਅ 'ਤੇ ਰੋਕ ਲੱਗੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ