ਜ਼ਿਆਦਾ ਦੇਰ ਤਕ ਧੁੱਪ ਖਿੜੀ ਹੋਣ ਨਾਲ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਵਧੇ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਧੁੱਪ ਸੇਕਣ ਲਈ ਲੋਕ ਬਾਹਰ ਨਿਕਲਣ ਲਗਦੇ ਹਨ ਅਤੇ ਲਾਗ ਦਾ ਖ਼ਤਰਾ ਵੱਧ ਜਾਂਦੈ

File

ਟੋਰਾਂਟੋ: ਇਕ ਪਾਸੇ ਜ਼ਿਆਦਾ ਗਰਮੀ ਅਤੇ ਹੁੰਮਸ ਨਾਲ ਕੋਰੋਨਾ ਵਾਇਰਸ 19 ਦੀ ਲਾਗ ਫੈਲਣ ਦੀ ਰਫ਼ਤਾਰ ਘੱਟ ਹੋਣ ਦੀ ਗੱਲ ਕਹੀ ਜਾ ਰਹੀ ਹੈ, ਦੂਜੇ ਪਾਸੇ ਤਾਜ਼ਾ ਅਧਿਐਨ ਵਿਚ ਇਸ ਗੱਲ ਵਲ ਇਸ਼ਾਰਾ ਕੀਤਾ ਗਿਆ ਹੈ ਕਿ ਲੰਮੇ ਸਮੇਂ ਤਕ ਧੁੱਪ ਖਿੜੀ ਹੋਣ ਨਾਲ ਮਹਾਂਮਾਰੀ ਦੇ ਮਾਮਲੇ ਵਧਦੇ ਵੇਖੇ ਗਏ ਹਨ। ਰਸਾਲੇ 'ਜਿਊਗਰਾਫ਼ੀਕਲ ਐਨਾਲਿਸਿਸ' ਵਿਚ ਛਪੇ ਅਧਿਐਨ ਮੁਤਾਬਕ ਧੁੱਪ ਖਿੜਨ ਨਾਲ ਲੋਕ ਭਾਰੀ ਗਿਣਤੀ ਵਿਚ ਬਾਹਰ ਨਿਕਲਣ ਲਗਦੇ ਹਨ ਅਤੇ ਲਾਗ ਦਾ ਖ਼ਤਰਾ ਵਧ ਜਾਂਦਾ ਹੈ।

ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੀ ਅਗਵਾਈ ਵਿਚ ਹੋਏ ਅਧਿਅੇਨ ਵਿਚ ਖੋਜਕਾਰਾਂ ਨੇ ਇਸ ਬਾਬਤ ਵਿਆਪਕ ਵਿਗਿਆਨਕ ਬਹਿਸ ਸਬੰਧੀ ਜਾਣਕਾਰੀ ਦਿਤੀ ਹੈ ਕਿ ਮੌਸਮ ਵਿਚ ਬਦਲਾਅ ਨਾਲ ਖ਼ਾਸਕਰ ਗਰਮੀ ਦੇ ਮੌਸਮ ਨਾਲ ਕੋਵਿਡ-19 ਦੇ ਫੈਲਣ ਦੀ ਰਫ਼ਤਾਰ 'ਤੇ ਕੀ ਅਸਰ ਪੈਂਦਾ ਹੈ। ਖੋਜਕਾਰ ਕਹਿੰਦੇ ਹਨ ਕਿ ਇਨਫ਼ਲੂਐਂਜਾ ਅਤੇ ਸਾਰਸ ਜਿਹੇ ਰੋਗ ਘੱਟ ਤਾਪਮਾਨ ਵਿਚ ਪੈਦਾ ਹੁੰਦੇ ਹਨ ਜਦਕਿ ਕੋਵਿਡ 19 ਫੈਲਾਉਣ ਵਾਲੇ ਵਾਰਸ ਸਾਰਸ-ਸੀਓਵੀ 2 ਬਾਰੇ ਘੱਟ ਹੀ ਜਾਣਕਾਰੀ ਹੈ।

ਉਨ੍ਹਾਂ ਕਿਹਾ ਕਿ ਅਰਥਚਾਰੇ ਨੂੰ ਮੁੜ ਖੋਲ੍ਹਣ ਦਾ ਬਹੁਤ ਦਬਾਅ ਹੈ ਅਤੇ ਕਈ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਗਰਮੀਆਂ ਦੇ ਮਹੀਨਿਆਂ ਵਿਚ ਇਹ ਸੁਰੱਖਿਅਤ ਹੋਵੇਗਾ। ਮੈਕਮਾਸਟਰ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਅਤੇ ਪ੍ਰਮੁੱਖ ਅਧਿਐਨਕਾਰ ਅੰਤੋਨੀਓ ਪਾਏਜ਼ ਨੇ ਕਿਹਾ, 'ਇਹ ਆਵਾਜਾਈ 'ਤੇ ਪਾਬੰਦੀਆਂ 'ਤੇ ਨਿਰਭਰ ਕਰਦਾ ਹੈ ਕਿ ਮੌਸਮ ਵਿਚ ਬਦਲਾਅ ਨਾਲ ਸਾਰਸ-ਸੀਓਵੀ 2 'ਤੇ ਕੀ ਅਸਰ ਪਵੇਗਾ।

ਦੁਨੀਆਂ ਭਰ ਵਿਚ ਹੁਣ ਪਾਬੰਦੀਆਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿਤਾ ਗਿਆ ਹੈ।' ਪਾਏਜ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਪੇਨ ਦੇ ਕਈ ਸੂਬਿਆਂ ਵਿਚ ਕੋਵਿਡ-19 ਫੈਲਣ ਵਿਚ ਜਲਵਾਯੂ ਸਬੰਧੀ ਕਾਰਨਾਂ ਦੀ ਭੂਮਿਕਾ ਦੀ ਪੜਤਾਲ ਕੀਤੀ। ਉਨ੍ਹਾਂ ਐਮਰਜੈਂਸੀ ਹਾਲਤ ਦੇ ਐਲਾਨ ਤੋਂ ਠੀਕ ਪਹਿਲਾਂ 30 ਦਿਨਾਂ ਦੇ ਸਮੇਂ ਵਿਚ ਲਾਗ ਦੇ ਮਾਮਲਿਆਂ ਦੀ ਗਿਣਤੀ ਅਤੇ ਮੌਸਮ ਸਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਦਾ ਵਿਸ਼ਲੇਸ਼ਣ ਕੀਤਾ।

ਖੋਜਕਾਰਾਂ ਨੇ ਵੇਖਿਆ ਕਿ ਗਰਮੀ ਵਿਚ ਇਕ ਫ਼ੀ ਸਦੀ ਵਾਧਾ ਹੋਣ 'ਤੇ ਕੋਵਿਡ 19 ਦੇ ਮਾਮਲਿਆਂ ਵਿਚ ਤਿੰਨ ਫ਼ੀ ਸਦੀ ਗਿਰਾਵਟ ਦਰਜ ਕੀਤੀ ਗਈ ਜਿਸ ਦਾ ਕਾਰਨ ਸ਼ਾਇਦ ਜ਼ਿਆਦਾ ਤਾਪਮਾਨ ਕਾਰਨ ਵਾਇਰਸ ਦੀ ਸਮਰੱਥਾ ਘੱਟ ਹੋਣਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਧੁੱਪ ਦੀ ਹਾਲਤ ਵਿਚ ਉਲਟੀ ਹੀ ਗੱਲ ਵੇਖਣ ਵਿਚ ਆਈ। ਜ਼ਿਆਦਾ ਦੇਰ ਤਕ ਸੂਰਜ ਨਿਕਲਣ ਵਿਚ ਮਾਮਲੇ ਜ਼ਿਆਦਾ ਵਧਦੇ ਵੇਖੇ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।