ਦੇਸ਼ ਦੇ ਅੱਧੀ ਦਰਜਨ ਤੋਂ ਵੱਧ ਸੂਬਿਆਂ 'ਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ ਕੌਮੀ ਔਸਤ ਨਾਲੋਂ ਵੱਧ
12.6 ਫ਼ੀ ਸਦੀ ਹੈ ਵਿਦਿਆਰਥੀਆਂ 'ਚ ਸਕੂਲ ਛੱਡਣ ਦੀ ਰਾਸ਼ਟਰੀ ਦਰ
ਸੂਬਾ ਸਕੂਲ ਛੱਡਣ ਦੀ ਦਰ
ਮੇਘਾਲਿਆ 21.7 ਫ਼ੀ ਸਦੀ
ਬਿਹਾਰ 20.46 ਫ਼ੀ ਸਦੀ
ਅਸਾਮ 20.3 ਫ਼ੀ ਸਦੀ
ਗੁਜਰਾਤ 17.85 ਫ਼ੀ ਸਦੀ
ਪੰਜਾਬ 17.2 ਫ਼ੀ ਸਦੀ
ਆਂਧਰਾ ਪ੍ਰਦੇਸ਼ 16.7 ਫ਼ੀ ਸਦੀ
ਕਰਨਾਟਕ 14.6 ਫ਼ੀ ਸਦੀ
ਸਿੱਖਿਆ ਮੰਤਰਾਲੇ ਦੇ ਅਧੀਨ ਪ੍ਰੋਜੈਕਟ ਪ੍ਰਵਾਨਗੀ ਬੋਰਡ ਨੇ ਸਾਂਝੀ ਕੀਤੀ ਜਾਣਕਾਰੀ
ਨਵੀਂ ਦਿੱਲੀ : ਦੇਸ਼ ਦੇ ਅੱਧੀ ਦਰਜਨ ਤੋਂ ਵੱਧ ਸੂਬਿਆਂ ਵਿਚ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਵਿਚ ਸਕੂਲ ਛੱਡਣ ਦੀ ਦਰ ਰਾਸ਼ਟਰੀ ਔਸਤ 12.6 ਫ਼ੀ ਸਦੀ ਤੋਂ ਵੱਧ ਹੈ। ਇਨ੍ਹਾਂ ਰਾਜਾਂ ਵਿਚ ਬਿਹਾਰ, ਆਂਧਰਾ ਪ੍ਰਦੇਸ਼, ਅਸਾਮ, ਗੁਜਰਾਤ, ਕਰਨਾਟਕ, ਮੇਘਾਲਿਆ, ਪੰਜਾਬ ਆਦਿ ਸ਼ਾਮਲ ਹਨ।
ਕੇਂਦਰ ਸਰਕਾਰ ਨੇ ਇਨ੍ਹਾਂ ਸੂਬਿਆਂ ਨੂੰ 'ਡਰਾਪ ਆਊਟ' ਦਰ ਨੂੰ ਘਟਾਉਣ ਲਈ ਵਿਸ਼ੇਸ਼ ਕਦਮ ਚੁੱਕਣ ਦਾ ਸੁਝਾਅ ਦਿਤਾ ਹੈ। ਇਹ ਜਾਣਕਾਰੀ ਸਮਗਰ ਸਿੱਖਿਆ ਪ੍ਰੋਗਰਾਮ 'ਤੇ ਸਿੱਖਿਆ ਮੰਤਰਾਲੇ ਦੇ ਅਧੀਨ ਪ੍ਰੋਜੈਕਟ ਪ੍ਰਵਾਨਗੀ ਬੋਰਡ (ਪੀ.ਏ.ਬੀ.) ਦੀ ਸਾਲ 2023-24 ਲਈ ਕਾਰਜ ਯੋਜਨਾ ਨਾਲ ਸਬੰਧਤ ਮੀਟਿੰਗਾਂ ਦੇ ਦਸਤਾਵੇਜ਼ਾਂ ਤੋਂ ਪ੍ਰਾਪਤ ਹੋਈ ਹੈ। ਇਹ ਮੀਟਿੰਗਾਂ ਮਾਰਚ ਤੋਂ ਮਈ 2023 ਤਕ ਵਿਅਕਤੀਗਤ ਸੂਬਿਆਂ ਨਾਲ ਹੋਈਆਂ ਸਨ।
ਸਰਕਾਰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਟੀਚੇ, ਸਾਲ 2030 ਤਕ ਸਕੂਲੀ ਸਿੱਖਿਆ ਦੇ ਪੱਧਰ 'ਤੇ 100 ਪ੍ਰਤੀਸ਼ਤ ਕੁੱਲ ਦਾਖ਼ਲਾ ਦਰ (ਜੀ.ਈ.ਆਰ.) ਹਾਸਲ ਕਰਨਾ ਚਾਹੁੰਦੀ ਹੈ ਅਤੇ ਬੱਚਿਆਂ ਵਿਚ ਸਕੂਲ ਛੱਡਣ ਨੂੰ ਇਕ ਰੁਕਾਵਟ ਮੰਨ ਰਹੀ ਹੈ। ਪੀ.ਏ.ਬੀ. ਮੀਟਿੰਗ ਦਸਤਾਵੇਜ਼ ਦੇ ਅਨੁਸਾਰ, ਸਾਲ 2021-22 ਵਿਚ, ਬਿਹਾਰ ਵਿਚ ਸਕੂਲਾਂ 'ਚ ਸੈਕੰਡਰੀ ਪੱਧਰ 'ਤੇ ਸਕੂਲ ਛੱਡਣ ਦੀ ਦਰ 20.46 ਪ੍ਰਤੀਸ਼ਤ, ਗੁਜਰਾਤ ਵਿਚ 17.85 ਪ੍ਰਤੀਸ਼ਤ, ਆਂਧਰਾ ਪ੍ਰਦੇਸ਼ ਵਿਚ 16.7 ਪ੍ਰਤੀਸ਼ਤ, ਅਸਾਮ ਵਿਚ 20.3 ਪ੍ਰਤੀਸ਼ਤ, ਕਰਨਾਟਕ ਵਿਚ 14.6 ਪ੍ਰਤੀਸ਼ਤ, ਪੰਜਾਬ ਵਿਚ 17.2 ਪ੍ਰਤੀਸ਼ਤ, ਮੇਘਾਲਿਆ ਵਿਚ 21.7 ਫ਼ੀ ਸਦੀ ਦਰਜ ਕੀਤੀ ਗਈ ਹੈ।
ਦੂਜੇ ਪਾਸੇ, ਸੈਕੰਡਰੀ ਪੱਧਰ 'ਤੇ ਸਕੂਲ ਛੱਡਣ ਦੀ ਦਰ ਇਸ ਸਮੇਂ ਦੌਰਾਨ ਮੱਧ ਪ੍ਰਦੇਸ਼ ਵਿਚ 10.1 ਫ਼ੀ ਸਦੀ, ਉੱਤਰ ਪ੍ਰਦੇਸ਼ ਵਿਚ 12.5 ਫ਼ੀ ਸਦੀ ਅਤੇ ਤ੍ਰਿਪੁਰਾ ਵਿਚ 8.34 ਫ਼ੀ ਸਦੀ ਦਰਜ ਕੀਤੀ ਗਈ। ਦਸਤਾਵੇਜ਼ ਦੇ ਅਨੁਸਾਰ, ਦਿੱਲੀ ਨੇ ਸਕੂਲਾਂ ਵਿਚ ਪ੍ਰਾਇਮਰੀ ਪੱਧਰ 'ਤੇ ਦਾਖ਼ਲੇ ਵਿਚ ਤਿੰਨ ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ ਜਦੋਂ ਕਿ ਸੈਕੰਡਰੀ ਪੱਧਰ 'ਤੇ ਦਾਖ਼ਲੇ ਵਿਚ ਇਸੇ ਸਮੇਂ ਦੌਰਾਨ ਲਗਭਗ ਪੰਜ ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ: ਇਹ ਸਰਦਾਰ ਜੀ ਨੇ ਦਸਿਆ ਜ਼ਿੰਦਗੀ 'ਚ ਖ਼ੁਸ਼ ਰਹਿਣਾ ਦਾ ਰਾਜ਼!
ਇਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਵਿਚ ਵੱਡੀ ਗਿਣਤੀ ਵਿਚ ਸਕੂਲ ਤੋਂ ਬਾਹਰਲੇ ਵਿਦਿਆਰਥੀ ਹਨ, ਇਸ ਲਈ ਰਾਜ ਨੂੰ ਸਿੱਖਿਆ ਦੀ ਮੁੱਖ ਧਾਰਾ ਵਿਚ ਵਾਪਸ ਲਿਆਂਦੇ ਗਏ ਵਿਦਿਆਰਥੀਆਂ ਦੀ ਗਿਣਤੀ ਬਾਰੇ 'ਮੈਨੇਜਮੈਂਟ ਪੋਰਟਲ' 'ਤੇ ਜਾਣਕਾਰੀ ਅਪਲੋਡ ਕਰਨੀ ਚਾਹੀਦੀ ਹੈ। ਮੀਟਿੰਗ ਵਿਚ, ਮੰਤਰਾਲੇ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਸੈਕੰਡਰੀ ਸਕੂਲ ਪੱਧਰ 'ਤੇ, ਸਾਲ 2020-21 ਦੇ ਮੁਕਾਬਲੇ 2021-22 ਵਿਚ ਸਕੂਲ ਛੱਡਣ ਦੀ ਦਰ ਵਿਚ ਮਹੱਤਵਪੂਰਨ ਸੁਧਾਰ ਹੋਇਆ ਹੈ, ਹਾਲਾਂਕਿ, ਸੂਬੇ ਨੂੰ ਸਕੂਲ ਛੱਡਣ ਦੀ ਦਰ ਨੂੰ ਹੋਰ ਘਟਾਉਣ ਦੀ ਲੋੜ ਹੈ। ਵਿਦਿਆਰਥੀਆਂ ਵਿਚ ਦਰਾਂ ਵਧਣ ਲਈ ਢੁਕਵੇਂ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਦਸਤਾਵੇਜ਼ ਦੇ ਅਨੁਸਾਰ, ਮਹਾਰਾਸ਼ਟਰ ਵਿਚ ਸੈਕੰਡਰੀ ਪੱਧਰ 'ਤੇ ਸਕੂਲ ਛੱਡਣ ਦੀ ਦਰ 2020-21 ਵਿਚ 11.2 ਪ੍ਰਤੀਸ਼ਤ ਤੋਂ ਵਧ ਕੇ 2021-22 ਵਿਚ 10.7 ਪ੍ਰਤੀਸ਼ਤ ਹੋ ਗਈ ਹੈ। ਹਾਲਾਂਕਿ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਸੂਬੇ ਦੇ ਪੰਜ ਜ਼ਿਲ੍ਹਿਆਂ ਵਿਚ ਸਕੂਲ ਛੱਡਣ ਦੀ ਦਰ 15 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੈ।
ਦੂਜੇ ਪਾਸੇ, ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਸਾਲਾਨਾ ਔਸਤ ਛੱਡਣ ਦੀ ਦਰ 15 ਪ੍ਰਤੀਸ਼ਤ ਤੋਂ ਵੱਧ ਸੀ, ਜਿਸ ਵਿਚ ਬਸਤੀ (23.3), ਬਦਾਊਨ (19.1), ਇਟਾਵਾ (16.9), ਗਾਜ਼ੀਪੁਰ (16.6), ਏਟਾ (16.2), ਮਹੋਬਾ 15.6, ਹਰਦੋਈ (15.6) ਅਤੇ ਆਜ਼ਮਗੜ੍ਹ ਵਿਚ ਇਹ 15 ਫ਼ੀ ਸਦੀ ਦਰਜ ਕੀਤੀ ਗਈ ਹੈ।
ਦਸਤਾਵੇਜ਼ ਦੇ ਮੁਤਾਬਕ ਰਾਜਸਥਾਨ ਵਿਚ ਸਕੂਲ ਛੱਡਣ ਦੀ ਦਰ ਵਿਚ ਲਗਾਤਾਰ ਗਿਰਾਵਟ ਆਈ ਹੈ। ਹਾਲਾਂਕਿ, ਸੈਕੰਡਰੀ ਸਕੂਲ ਪੱਧਰ 'ਤੇ ਅਨੁਸੂਚਿਤ ਕਬੀਲਿਆਂ ਵਿੱ'ਚ ਨੌਂ ਪ੍ਰਤੀਸ਼ਤ ਅਤੇ ਮੁਸਲਿਮ ਬੱਚਿਆਂ (18 ਪ੍ਰਤੀਸ਼ਤ) ਵਿਚ ਸਕੂਲ ਛੱਡਣ ਦੀ ਦਰ ਅਜੇ ਵੀ ਵੱਧ ਹੈ।
ਪਿਛਲੇ ਸਾਲ ਸੰਯੁਕਤ ਰਾਸ਼ਟਰ ਚਿਲਡਰਨ ਫ਼ੰਡ ਦੇ ਸਰਵੇਖਣ ਵਿਚ ਕੁੜੀਆਂ ਦੇ ਸਕੂਲ ਛੱਡਣ ਦੇ ਕਾਰਨਾਂ ਦਾ ਹਵਾਲਾ ਦਿਤਾ ਸੀ ਕਿ 33 ਪ੍ਰਤੀਸ਼ਤ ਕੁੜੀਆਂ ਘਰੇਲੂ ਕੰਮਾਂ ਕਾਰਨ ਸਕੂਲ ਛੱਡਦੀਆਂ ਸਨ। ਇਸ ਅਨੁਸਾਰ ਕਈ ਥਾਵਾਂ 'ਤੇ ਇਹ ਵੀ ਦੇਖਣ ਨੂੰ ਮਿਲਿਆ ਕਿ ਸਕੂਲ ਛੱਡਣ ਤੋਂ ਬਾਅਦ ਬੱਚੇ ਰਿਸ਼ਤੇਦਾਰਾਂ ਕੋਲ ਮਜ਼ਦੂਰੀ ਕਰਨ ਜਾਂ ਲੋਕਾਂ ਦੇ ਘਰਾਂ ਦੀ ਸਫ਼ਾਈ ਦਾ ਕੰਮ ਕਰਨ ਲੱਗ ਪਏ ਹਨ।