Agnipath scheme: ਭਾਰਤੀ ਫ਼ੌਜ ਦੇ ਸੁਝਾਵਾਂ ’ਤੇ ਅਗਨੀਪਥ ਯੋਜਨਾ ’ਚ ਹੋਣਗੇ ਕਈ ਸੁਧਾਰ!
ਅਗਨੀਵੀਰਾਂ ਦਾ ਕਾਰਜਕਾਲ 4 ਤੋਂ ਵਧ ਕੇ ਹੋ ਸਕਦਾ ਹੈ 8 ਸਾਲ
Agnipath scheme ਨਵੀਂ ਦਿੱਲੀ (ਮਹਿਤਾਬ-ਉਦ-ਦੀਨ): ਭਾਰਤੀ ਥਲ ਸੈਨਾ ਨੇ ‘ਅਗਨੀਪਥ’ ਯੋਜਨਾ ਦੀ ਸਮੀਖਿਆ ਕੀਤੀ ਹੈ ਤੇ ਇਸ ਨੂੰ ਸੁਧਾਰਨ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਹਨ। ਹੁਣ ਤਕ ਸਿਰਫ਼ 25 ਫ਼ੀ ਸਦੀ ਅਗਨੀਵੀਰਾਂ ਨੂੰ ਹੀ ਫ਼ੌਜ ਵਿਚ ਪੱਕੇ ਤੌਰ ’ਤੇ ਭਰਤੀ ਕਰਨ ਲਈ ਚੁਣਿਆ ਜਾ ਰਿਹਾ ਸੀ ਪਰ ਹੁਣ ਥਲ ਸੈਨਾ ਨੇ 60 ਤੋਂ 70 ਫ਼ੀ ਸਦੀ ਅਗਨੀਵੀਰਾਂ ਨੂੰ ਫ਼ੌਜ ’ਚ ਪੱਕੀ ਨੌਕਰੀ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਸਰਕਾਰ ਵਲੋਂ ਅਗਨੀਵੀਰ ਯੋਜਨਾ ਦੀ ਅਜਿਹੀ ਸਮੀਖਿਆ ਦੀ ਆਸ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਸੀ ਕਿਉਂਕਿ ਇਸ ਯੋਜਨਾ ਨੂੰ ਲੈ ਕੇ ਦੇਸ਼ ’ਚ ਕਾਫ਼ੀ ਸਿਆਸਤ ਹੋਈ ਹੈ। ਵਿਰੋਧੀ ਧਿਰ ਨੇ ਇਸ ਯੋਜਨਾ ਵਿਚਲੀਆਂ ਕੁੱਝ ਖ਼ਾਮੀਆਂ ਦਾ ਸਦਾ ਹੀ ਤਿੱਖਾ ਵਿਰੋਧ ਕੀਤਾ ਹੈ।
ਦਰਅਸਲ, ਹਾਲੀਆ ਲੋਕ ਸਭਾ ਚੋਣਾਂ ਤੋਂ ਬਾਅਦ ਐਨਡੀਏ ’ਚ ਭਾਈਵਾਲ ਪਾਰਟੀਆਂ ਜਨਤਾ ਦਲ (ਯੂਨਾਈਟਿਡ) ਅਤੇ ਐਲਜੇਪੀ (ਰਾਮ ਵਿਲਾਸ) ਨੇ ਅਗਨੀਪਥ ਯੋਜਨਾ ’ਤੇ ਚਿੰਤਾ ਜ਼ਾਹਿਰ ਕੀਤੀ ਸੀ। ਇਨ੍ਹਾਂ ਪਾਰਟੀਆਂ ਨੇ ਹੀ ਸਰਕਾਰ ਨੂੰ ਇਸ ਯੋਜਨਾ ਦੀ ਸਮੀਖਿਆ ਕਰਨ ਲਈ ਕਿਹਾ ਸੀ। ਭਾਰਤੀ ਥਲ ਸੈਨਾ ਨੇ ਹੁਣ ਸਮੀਖਿਆ ਕਰ ਲਈ ਹੈ। ਸਮੀਖਿਆ ਤੋਂ ਬਾਅਦ ਕੀਤੀਆਂ ਗਈਆਂ ਸਿਫ਼ਾਰਸ਼ਾਂ ’ਚ ਕਿਹਾ ਗਿਆ ਹੈ ਕਿ ਅਗਨੀਵੀਰਾਂ ਦੀ ਭਰਤੀ ਨਾਲ ਫ਼ੌਜ ਦਾ ਕੰਮ ਸੁਚਾਰੂ ਤਰੀਕੇ ਨਾਲ ਚਲੇਗਾ ਤੇ ਜਵਾਨਾਂ ਦੀ ਕਾਰਜਕੁਸ਼ਲਤਾ ’ਚ ਵੀ ਜ਼ਰੂਰ ਵਾਧਾ ਹੋਵੇਗਾ।
ਦੇਸ਼ ਦੇ ਰਖਿਆ ਤੇ ਸੁਰਖਿਆ ਮਾਮਲਿਆਂ ਨਾਲ ਜੁੜੇ ਵਿਭਾਗਾਂ ਦੇ ਸੂਤਰਾਂ ਅਨੁਸਾਰ ਹਥਿਆਰਬੰਦ ਫ਼ੌਜਾਂ ਤੇ ਮੰਤਰਾਲਿਆਂ ਵਲੋਂ ਅਗਨੀਪਥ ਸਕੀਮ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਭਾਰਤੀ ਫ਼ੌਜ ਨੇ ਅਗਨੀਵੀਰਾਂ ਦਾ ਕਾਰਜਕਾਲ ਮੌਜੂਦਾ ਚਾਰ ਸਾਲ ਤੋਂ ਵਧਾ ਕੇ 7 ਤੋਂ 8 ਸਾਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਤਕਨੀਕੀ ਖੇਤਰ ’ਚ ਅਗਨੀਵੀਰਾਂ ਦੇ ਦਾਖ਼ਲੇ ਲਈ ਉਮਰ ਦੀ ਹੱਦ ਵਧਾ ਕੇ 23 ਸਾਲ ਕਰਨ ਦਾ ਸੁਝਾਅ ਵੀ ਦਿਤਾ ਗਿਆ ਹੈ। ‘ਫ਼ਾਈਨੈਂਸ਼ੀਅਲ ਐਕਸਪ੍ਰੈਸ’ ਵਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਫ਼ੌਜ ਵਲੋਂ ਅਗਨੀਵੀਰਾਂ ਦੇ ਹੱਕ ’ਚ ਹੋਰ ਵੀ ਕਈ ਹਾਂ-ਪੱਖੀ ਸੁਝਾਅ ਦਿਤੇ ਹਨ; ਜਿਵੇਂ ਜੇ ਟ੍ਰੇਨਿੰਗ ਦੌਰਾਨ ਕੋਈ ਅਗਨੀਵੀਰ ਦਿਵਿਆਂਗ ਹੋ ਜਾਂਦਾ ਹੈ, ਤਾਂ ਉਸ ਨੂੰ ਐਕਸਗ੍ਰੇਸ਼ੀਆ ਗ੍ਰਾਂਟ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਉਸ ਨੂੰ ਫ਼ੌਜੀ ਨੌਕਰੀ ਤੋਂ ਲਾਂਭੇ ਕਰਨ ਜਾਂ ਕਿਤੇ ਹੋਰ ਸੈਟਲ ਕਰਨ ਦਾ ਕੰਮ ਕਿਸੇ ਪ੍ਰੋਫ਼ੈਸ਼ਨਲ ਏਜੰਸੀ ਨੂੰ ਦਿਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇ ਕਿਸੇ ਜੰਗ ਦੌਰਾਨ ਕੋਈ ਅਗਨੀਵੀਰ ਸ਼ਹੀਦ ਹੋ ਜਾਂਦਾ ਹੈ, ਤਾਂ ਉਸ ਦੇ ਪਰਿਵਾਰ ਨੂੰ ਗੁਜ਼ਾਰਾ ਭੱਤਾ ਜ਼ਰੂਰ ਮਿਲਣਾ ਚਾਹੀਦਾ ਹੈ।
ਸਰਕਾਰ ਨੇ ਅਗਨੀਪਥ ਯੋਜਨਾ ਦੀ ਸ਼ੁਰੂਆਤ ਫ਼ੌਜੀ ਜਵਾਨਾਂ ਨੂੰ ਪੈਨਸ਼ਨਾਂ ਦੇਣ ਤੋਂ ਬਚਣ ਅਤੇ ਵਧ ਤੋਂ ਵਧ ਨੌਜਵਾਨਾਂ ਨੂੰ ਭਰਤੀ ਕਰਨ ਲਈ ਕੀਤੀ ਸੀ। ਇਸ ਦੇ ਨਾਲ ਹੀ ਤਜਰਬੇ ਦਾ ਮਾਮਲਾ ਵੀ ਮਾਮੂਲੀ ਤਬਦੀਲੀ ਨਾਲ ਹੱਲ ਕੀਤਾ ਜਾ ਸਕਦਾ ਹੈ। ਪੁਰਾਣੀ ਭਰਤੀ ਯੋਜਨਾ ਅਧੀਨ ਜਵਾਨਾਂ ਨੂੰ ਆਮ ਤੌਰ ’ਤੇ 35 ਸਾਲ ਦੀ ਉਮਰ ’ਚ ਸੇਵਾ ਮੁਕਤ ਕਰ ਦਿਤਾ ਜਾਂਦਾ ਹੈ। ਜਿਹੜੇ ਸੂਬੇਦਾਰ ਮੇਜਰ ਦੇ ਰੈਂਕ ਤਕ ਪੁੱਜ ਜਾਂਦੇ ਹਨ, ਉਨ੍ਹਾਂ ਦੀ ਰਿਟਾਇਰਮੈਂਟ 52 ਸਾਲ ਦੀ ਉਮਰ ’ਚ ਹੁੰਦੀ ਹੈ। ਉਨ੍ਹਾਂ ਨੂੰ ਹਰ ਤਰ੍ਹਾਂ ਦਾ ਤਜਰਬਾ ਹੁੰਦਾ ਹੈ ਤੇ ਉਹ ਹਰ ਤਰ੍ਹਾਂ ਦਾ ਫ਼ੌਜੀ ਅਭਿਆਸ ਕਰਨ ਦੇ ਸਮਰੱਥ ਹੁੰਦੇ ਹਨ। ਅਗਨੀਵੀਰਾਂ ਦੇ ਸੇਵਾ ਕਾਲ ’ਚ ਵਾਧਾ ਹੋਣ ਅਤੇ ਫ਼ੌਜ ’ਚ ਭਰਤੀ ਲਈ ਉਨ੍ਹਾਂ ਦੀ ਪ੍ਰਤੀਸ਼ਤਤਾ ਵਧਾਉਣ ਨਾਲ ਉਨ੍ਹਾਂ ਨੂੰ ਵਾਜਬ ਟ੍ਰੇਨਿੰਗ ਮਿਲੇਗੀ ਅਤੇ ਲੋੜੀਂਦਾ ਤਜਰਬਾ ਵੀ ਹਾਸਲ ਹੋਵੇਗਾ।
(For more Punjabi news apart from On suggestions of Indian Army, there will be many improvements in Agnipath scheme, stay tuned to Rozana Spokesman)