ਖੁੱਲ੍ਹੇ ਮੈਨਹੋਲ 'ਚ ਡਿੱਗਾ 2 ਸਾਲ ਦਾ ਬੱਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੁਧਵਾਰ ਰਾਤ ਤੋਂ ਬਚਾਅ ਮਹਿੰਮ ਜਾਰੀ

Two year old Mumbai boy falls into drain, feared drowned

ਮੁੰਬਈ : ਮੁੰਬਈ ਦੇ ਗੋਰੇਗਾਓਂ ਇਲਾਕੇ 'ਚ ਬੁਧਵਾਰ ਦੇਰ ਰਾਤ ਇਕ ਬੱਚਾ ਖੁੱਲ੍ਹੇ ਮੈਨਹੋਲ 'ਚ ਡਿੱਗ ਗਿਆ। ਬੱਚੇ ਦਾ ਨਾਂ ਦਿਵਯਾਂਸ਼ੂ ਹੈ ਅਤੇ ਉਸ ਦੀ ਉਮਰ ਲਗਭਗ 2 ਸਾਲ ਦੱਸੀ ਗਈ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਬੀਐਮਸੀ ਦੀਆਂ ਟੀਮਾਂ ਮੌਕੇ 'ਤੇ ਪੁੱਜ ਗਈਆਂ। ਉਨ੍ਹਾਂ ਨੇ ਬੱਚੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਹਾਲੇ ਤਕ ਬੱਚੇ ਦਾ ਕੁਝ ਪਤਾ ਨਹੀਂ ਲੱਗਿਆ ਹੈ। ਬੱਚੇ ਦੇ ਨਾਲੇ 'ਚ ਡਿੱਗਣ ਦੀ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।

ਸੀ.ਸੀ.ਟੀ.ਵੀ. 'ਚ ਵਿਖਾਈ ਦੇ ਰਿਹਾ ਹੈ ਕਿ ਬੁਧਵਾਰ ਰਾਤ 10 ਵਜੇ ਦਿਵਯਾਂਸ਼ੂ ਖੇਡਦਾ ਹੋਇਆ ਆਪਣੇ ਘਰ 'ਚੋਂ ਬਾਹਰ ਸੜਕ 'ਤੇ ਆ ਜਾਂਦਾ ਹੈ। ਜਿਵੇਂ ਹੀ ਉਹ ਵਾਪਸ ਜਾਣ ਲਈ ਮੁੜਦਾ ਹੈ ਤਾਂ ਉਸ ਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਖੁੱਲ੍ਹੇ ਗਟਰ 'ਚ ਡਿੱਗ ਜਾਂਦਾ ਹੈ। ਬੱਚਾ ਪਾਣੀ ਦੇ ਤੇਜ਼ ਬਹਾਅ 'ਚ ਵਹਿ ਜਾਂਦਾ ਹੈ। ਜਿਸ ਸਮੇਂ ਹਾਦਸਾ ਹੋਇਆ, ਉਦੋਂ ਕੋਈ ਵਿਅਕਤੀ ਨੇੜੇ ਮੌਜੂਦ ਨਹੀਂ ਸੀ।

ਘਟਨਾ ਦੇ 20-30 ਸਕਿੰਟ ਬਾਅਦ ਦਿਵਯਾਂਸ਼ੂ ਦੀ ਮਾਂ ਉਸ ਨੂੰ ਲੱਭਣ ਲਈ ਬਾਹਰ ਆਉਂਦੀ ਹੈ, ਪਰ ਉਸ ਦਾ ਕੁਝ ਪਤਾ ਨਹੀਂ ਚੱਲਦਾ ਹੈ। ਜਦੋਂ ਘਰ ਦੇ ਕੋਲ ਬਣੀ ਮਸਜਿਦ 'ਚ ਲੱਗੇ ਸੀਸੀਟੀਵੀ ਨੂੰ ਵੇਖਿਆ ਗਿਆ ਤਾਂ ਦਿਵਯਾਂਸ਼ੂ ਖੁਲ੍ਹੇ ਮੈਨਹੋਲ 'ਚ ਡਿੱਗਦਾ ਵਿਖਾਈ ਦਿੰਦਾ ਹੈ। ਇਹ ਵੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ। ਪੁਲਿਸ ਅਤੇ ਬੀਐਮਸੀ ਦੀਆਂ ਟੀਮਾਂ ਬੱਚੇ ਦੀ ਤਲਾਸ਼ 'ਚ ਜੁੱਟ ਗਈਆਂ ਹਨ।

ਬੁਧਵਾਰ ਰਾਤ ਤੋਂ ਹੀ ਨਾਲੇ ਦੇ ਆਸਪਾਸ ਦੇ ਸਾਰੇ ਨਾਲਿਆਂ ਨੂੰ ਖੋਲ੍ਹ ਕੇ ਦਿਵਯਾਂਸ਼ੂ ਦੀ ਤਲਾਸ਼ ਕੀਤੀ ਜਾ ਰਹੈ ਹੈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਇਸ ਘਟਨਾ ਲਈ ਪੂਰੀ ਤਰ੍ਹਾਂ ਬੀਐਮਸੀ ਜ਼ਿੰਮੇਵਾਰ ਹੈ। ਜੇ ਬੀਐਮਸੀ ਖੁਲ੍ਹੇ ਮੈਨਹੋਲ ਨੂੰ ਢੱਕ ਕੇ ਰੱਖਦੀ ਤਾਂ ਇੰਨਾ ਵੱਡਾ ਹਾਦਸਾ ਨਾ ਹੁੰਦਾ।