ਬੱਚਾ ਮੌਤ ਦਰ: ਭਾਰਤ ’ਚ ਹਰ ਸਾਲ 8 ਲੱਖ ਬੱਚਿਆਂ ਦੀ ਹੋ ਰਹੀ ਹੈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਅਪਣੇ ਗੁਆਂਢੀ ਦੇਸ਼ਾਂ ਨਾਲੋਂ ਵੀ ਹਾਲਾਤ ਬਹੁਤ ਜ਼ਿਆਦਾ ਖ਼ਰਾਬ

India's infant mortality higher than global average worst among neighbors countries

ਨਵੀਂ ਦਿੱਲੀ: ਭਾਰਤ ਵਿਚ ਹਰ ਸਾਲ ਲਗਭੱਗ ਢਾਈ ਕਰੋੜ ਬੱਚੇ ਪੈਦਾ ਹੁੰਦੇ ਹਨ, ਜਿੰਨ੍ਹਾਂ ਵਿਚੋਂ ਔਸਤਨ 7 ਤੋਂ 8 ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਯੂਨੀਸੈਫ਼ ਦੀ ਰਿਪੋਰਟ ਦੇ ਮੁਤਾਬਕ ਸਾਲ 2017 ਵਿਚ ਭਾਰਤ ’ਚ 8 ਲੱਖ 2 ਹਜ਼ਾਰ ਬੱਚਿਆਂ ਦੀ ਮੌਤ ਹੋਈ ਸੀ। ਬੱਚਾ ਮੌਤ ਦਰ ਯਾਨੀ ਇੰਫੈਂਟ ਮਾਰਟੈਲਿਟੀ ਰੇਟ (IMR) ਵਿਚ ਭਾਰਤ ਦੀ ਹਾਲਤ ਅਜੇ ਵੀ ਅਪਣੇ ਗੁਆਂਢੀ ਦੇਸ਼ਾਂ ਨਾਲੋਂ ਬਹੁਤ ਖ਼ਰਾਬ ਹੈ। ਇੰਡੀਆ ਸਪੇਂਡ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਅਤੇ ਮਿਆਂਮਾਰ ਨੂੰ ਛੱਡ ਕੇ ਬਾਕੀ ਸਾਰੇ ਗੁਆਂਢੀ ਦੇਸ਼ਾਂ ਵਿਚ ਭਾਰਤ ਦੇ ਮੁਕਾਬਲੇ ਬੱਚਾ ਮੌਤ ਦਰ ਕਾਫ਼ੀ ਘੱਟ ਹੈ।

ਬੱਚਾ ਮੌਤ ਦਰ ਪ੍ਰਤੀ ਹਜ਼ਾਰ ਬੱਚਿਆਂ ਵਿਚੋਂ ਕੱਢੀ ਜਾਂਦੀ ਹੈ। ਯਾਨੀ ਇਕ ਹਜ਼ਾਰ ਜੰਮੇ ਬੱਚਿਆਂ ਵਿਚੋਂ ਕਿੰਨੇ ਬੱਚਿਆਂ ਦੀ ਮੌਤ ਹੋਈ, ਇਸ ਉਤੇ ਆਈਐਮਆਰ ਤਿਆਰ ਹੁੰਦੀ ਹੈ। ਬੱਚਾ ਮੌਤ ਦਰ ਵਿਚ ਭਾਰਤ ਦੇ ਕੁਝ ਸੂਬੇ ਸਭ ਤੋਂ ਅੱਗੇ ਹਨ। ਉਨ੍ਹਾਂ ਵਿਚੋਂ ਸਭ ਤੋਂ ਪਹਿਲਾ ਨੰਬਰ ਆਉਂਦਾ ਹੈ ਮੱਧ ਪ੍ਰਦੇਸ਼ ਦਾ, ਜਿੱਥੇ ਬੱਚਾ ਮੌਤ ਦਰ ਯਾਨੀ IMR 47 ਹੈ। ਉਥੇ ਹੀ ਦੂਜੇ ਨੰਬਰ ’ਤੇ ਨਾਰਥ-ਈਸਟ ਦਾ ਰਾਜ ਆਸਾਮ ਹੈ, ਜਿੱਥੇ IMR 44 ਹੈ ਤੀਜੇ ਨੰਬਰ ’ਤੇ ਅਰੁਣਾਚਲ ਪ੍ਰਦੇਸ਼। ਇੱਥੇ ਪ੍ਰਤੀ ਹਜ਼ਾਰ ਬੱਚਿਆਂ ਵਿਚੋਂ 42 ਦੀ ਮੌਤ ਹੋ ਜਾਂਦੀ ਹੈ।

ਮੱਧ ਪ੍ਰਦੇਸ਼ ਦਾ ਆਈਐਮਆਰ ਹੈਰਾਨ ਵਾਲਾ ਇਸ ਲਈ ਹੈ, ਕਿਉਂਕਿ ਇਹ ਅਫ਼ਰੀਕਾ ਦੇ ਦੇਸ਼ ਨੀਗਰ ਦੇ ਬਰਾਬਰ ਹੈ, ਜਿੱਥੋਂ ਦਾ 80 ਫ਼ੀਸਦੀ ਹਿੱਸਾ ਸਹਾਰਾ ਰੇਗਿਸਤਾਨ ਦਾ ਹੈ ਅਤੇ ਇਸ ਨੂੰ ਯੂਐਨ ਹਿਊਮਨ ਡਿਵੈਲਪਮੈਂਟ ਇੰਡੈਕਸ ਵਿਚ ਆਖ਼ਰੀ ਨੰਬਰ ਦਿਤਾ ਗਿਆ ਹੈ। ਭਾਰਤ ਦੇ ਪੇਂਡੂ ਇਲਾਕਿਆਂ ਵਿਚ ਬੱਚਾ ਮੌਤ ਦਰ 37, ਜਦਕਿ ਸ਼ਹਿਰਾਂ ਵਿਚ 23 ਹੈ। ਹਾਲ ਹੀ ਵਿਚ ਜਾਰੀ ਗਲੋਬਲ ਚਾਈਲਡਹੁੱਡ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬੱਚਾ ਮੌਤ ਦਰ ਵਿਚ ਦੁਨੀਆ ਭਰ ਵਿਚ ਭਾਰਤ ਦੀ ਰੈਂਕਿੰਗ ਬੇਹੱਦ ਖ਼ਰਾਬ ਹੈ।

ਕੁੱਲ 176 ਦੇਸ਼ਾਂ ਵਿਚ ਭਾਰਤ ਦਾ ਨੰਬਰ 113ਵੇਂ ਸਥਾਨ ਉਤੇ ਆਉਂਦਾ ਹੈ। ਹਲਾਂਕਿ ਪਿਛਲੇ ਕੁਝ ਸਾਲਾਂ ਵਿਚ ਭਾਰਤ ਦੀ ਬੱਚਾ ਮੌਤ ਦਰ ਘੱਟ ਜ਼ਰੂਰ ਹੋਈ ਹੈ। 11 ਸਾਲਾਂ ਵਿਚ ਭਾਰਤ ਦੀ ਬੱਚਾ ਮੌਤ ਦਰ 42 ਫ਼ੀਸਦੀ ਘੱਟ ਹੋਈ ਹੈ। ਜਿੱਥੇ ਸਾਲ 2006 ਦੇ ਮੁਕਾਬਲੇ ਬੱਚਾ ਮੌਤ ਦਰ 57 ਤੋਂ ਘੱਟ ਕੇ ਹੁਣ 33 ਹੋ ਚੁੱਕੀ ਹੈ ਪਰ ਭਾਰਤ ਅਜੇ ਵੀ ਗਲੋਬਲ ਔਸਤ ਤੋਂ ਕਾਫ਼ੀ ਹੇਠਾਂ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਆਖ਼ਰ ਨਿਊ ਇੰਡੀਆ ਵੀ ਬੱਚਿਆਂ ਨੂੰ ਬਚਾਉਣ ਵਿਚ ਕਾਮਯਾਬ ਕਿਉਂ ਨਹੀਂ ਹੋ ਰਿਹਾ? ਇਸ ਦੇ ਪਿੱਛੇ ਵੀ ਕਈ ਕਾਰਨ ਹਨ।

1. ਭਾਰਤ ਵਿਚ ਬੱਚਿਆਂ ਦੀ ਮੌਤ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਜ਼ਰੂਰੀ ਸੰਸਾਧਨਾਂ ਦੀ ਕਮੀ ਹੈ। ਚੰਗੀਆਂ ਸਿਹਤ ਸੁਵਿਧਾਵਾਂ ਅਤੇ ਪੌਸ਼ਟਿਕ ਭੋਜਨ ਨਾ ਮਿਲਣ ਦੇ ਚਲਦੇ ਹਜ਼ਾਰਾਂ ਬੱਚਿਆਂ ਦੀ ਮੌਤ ਹੋ ਜਾਂਦੀ ਹੈ।

2. ਰਾਜਾਂ ਵਿਚ ਡਾਕਟਰਾਂ ਦੀ ਕਮੀ ਵੀ ਇਕ ਵੱਡੀ ਚੁਣੌਤੀ ਹੈ। ਮੈਡੀਕਲ ਕਾਉਂਸਿਲ ਆਫ਼ ਇੰਡੀਆ ਦੇ ਮੁਤਾਬਕ ਇੰਸੇਫਾਇਟਿਸ ਨਾਲ ਜੂਝ ਰਹੇ ਬਿਹਾਰ ਵਿਚ 10 ਹਜ਼ਾਰ ਲੋਕਾਂ ਉਤੇ ਕੇਵਲ 3 ਡਾਕਟਰ ਹਨ ਜਦਕਿ ਪ੍ਰਤੀ ਹਜ਼ਾਰ ਉਤੇ ਇਕ ਡਾਕਟਰ ਹੋਣਾ ਚਾਹੀਦਾ ਹੈ, ਬਾਕੀ ਰਾਜਾਂ ਦੇ ਵੀ ਇਹੀ ਹਾਲ ਹਨ।

3. ਨੇਤਾਵਾਂ ਦੀ ਅਣਗਹਿਲੀ ਵੀ ਬੱਚਾ ਮੌਤ ਦਰ ਵਿਚ ਠਹਿਰਾਵ ਦਾ ਇਕ ਵੱਡਾ ਕਾਰਨ ਹੈ। ਵੋਟਾਂ ਦੀ ਖਾਤਰ ਸਿਆਸੀ ਰੋਟੀਆਂ ਸੇਕਣ ਵਾਲੇ ਨੇਤਾਵਾਂ ਲਈ ਸਿਹਤ ਸੁਵਿਧਾਵਾਂ ਕੋਈ ਵੱਡਾ ਮੁੱਦਾ ਨਹੀਂ ਹਨ। ਹਿੰਦੂ-ਮੁਸਲਮਾਨ ਬਹਿਸ ਵਿਚ ਉਲਝੇ ਨੇਤਾ 10-20 ਬੱਚਿਆਂ ਦੀ ਮੌਤ ਨੂੰ ਕੁਝ ਵੀ ਨਹੀਂ ਸਮਝਦੇ, ਜਦੋਂ ਤੱਕ ਗਿਣਤੀ 100 ਤੋਂ ਪਾਰ ਨਹੀਂ ਲੰਘ ਜਾਂਦੀ, ਕੋਈ ਸਾਰ ਨਹੀਂ ਲੈਂਦਾ।

4. ਇਨ੍ਹਾਂ ਸਭ ਚੀਜ਼ਾਂ ਤੋਂ ਇਲਾਵਾ ਜਾਗਰੂਕਤਾ ਵੀ ਇਕ ਵੱਡਾ ਕਾਰਨ ਹੈ। ਜਾਗਰੂਕਤਾ ਦੀ ਅਣਹੋਂਦ ਵਿਚ ਹਜ਼ਾਰਾਂ ਬੱਚੇ ਅਪਣੀ ਜਾਨ ਗਵਾ ਦਿੰਦੇ ਹਨ। ਪੇਂਡੂ ਇਲਾਕਿਆਂ ਵਿਚ ਮਾਤਾ-ਪਿਤਾ ਬੱਚਿਆਂ ਨੂੰ ਠੀਕ ਮਾਤਰਾ ਵਿਚ ਪੋਸ਼ਣ ਨਹੀਂ ਦੇ ਪਾਉਂਦੇ ਹਨ, ਉਥੇ ਹੀ ਬਿਮਾਰ ਹੋਣ ਉਤੇ ਇਨਫ਼ੈਕਸ਼ਨ ਤੋਂ ਬਚਾਅ ਦੀ ਕੋਈ ਜਾਣਕਾਰੀ ਨਹੀਂ ਹੁੰਦੀ, ਜਿਸ ਦੇ ਚਲਦੇ ਉਨ੍ਹਾਂ ਦੇ ਬੱਚੇ ਰੋਗ ਨਾਲ ਨਹੀਂ ਲੜ ਪਾਉਂਦੇ ਅਤੇ ਦਮ ਤੋੜ ਦਿੰਦੇ ਹਨ।

5. ਚੰਗੀਆਂ ਸਿਹਤ ਸਹੂਲਤਾਂ ਉਤੇ ਨਾ ਤਾਂ ਸੰਸਦ ਵਿਚ ਲੰਮੀ ਬਹਿਸ ਹੁੰਦੀ ਹੈ ਤੇ ਨਾ ਹੀ ਸਰਕਾਰਾਂ ਕੁਝ ਬੋਲਣ ਨੂੰ ਤਿਆਰ ਹੁੰਦੀਆਂ ਹਨ। ਸਰਕਾਰਾਂ ਦੀ ਅਣਗਹਿਲੀ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਅਜਿਹਾ ਹੀ ਚੱਲਦਾ ਆਇਆ ਹੈ ਅਤੇ ਅਜਿਹਾ ਹੀ ਚੱਲਦਾ ਰਹੇਗਾ।