ਆਤਮਨਿਰਭਰ ਭਾਰਤ ਲਈ ਸੂਰਜੀ ਊਰਜਾ ਬੇਹੱਦ ਅਹਿਮ: ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਸਾਫ਼-ਸੁਥਰੀ ਊਰਜਾ ਲਈ ਸੱਭ ਤੋਂ ਆਕਰਸ਼ਕ ਬਾਜ਼ਾਰ

PM Modi

ਭੋਪਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਤਮ-ਨਿਰਭਰ ਭਾਰਤ ਲਈ ਸੌਰ ਊਰਜਾ ਨੂੰ ਅਹਿਮ ਦਸਦਿਆਂ ਕਿਹਾ ਕਿ ਦੇਸ਼ ਵਿਚ ਸੌਰ ਪੈਨਲ, ਬੈਟਰੀ ਅਤੇ ਇਸ ਨਾਲ ਸਬੰਧਤ ਸਾਰੇ ਉਪਕਰਨਾਂ 'ਤੇ ਦਰਾਮਦ ਦੀ ਨਿਰਭਰਤਾ ਖ਼ਤਮ ਕਰਨੀ ਪਵੇਗੀ ਅਤੇ ਇਨ੍ਹਾਂ ਉਪਕਰਨਾਂ ਦਾ ਦੇਸ਼ ਵਿਚ ਉਤਪਾਦਨ ਵਧਾਉਣਾ ਪਵੇਗਾ।

ਪ੍ਰਧਾਨ ਮੰਤਰੀ ਨੇ ਰੀਵਾ ਜ਼ਿਲ੍ਹੇ ਵਿਚ ਏਸ਼ੀਆ ਦੀ ਸੱਭ ਤੋਂ ਵੱਡੀ 750 ਮੈਗਾਵਾਟ ਉਤਪਾਦਨ ਸਮਰੱਥਾ ਵਾਲੇ ਰੀਵਾ ਅਲਟਰਾ ਮੈਗਾ ਸੌਰ ਪ੍ਰਾਜੈਕਟ ਦਾ ਵੀਡੀਉ ਕਾਨਫ਼ਰੰਸ ਜ਼ਰੀਏ ਦਿੱਲੀ ਤੋਂ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਅਪਣੇ ਸੰਬੋਧਨ ਵਿਚ ਕਿਹਾ, 'ਦੇਸ਼ ਨੂੰ ਆਤਮਨਿਰਭਰ ਬਣਾਉਣ ਵਿਚ ਊਰਜਾ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੀ ਹੈ

ਅਤੇ ਸਾਡੇ ਯਤਨ ਭਾਰਤ ਦੀ ਇਸੇ ਤਾਕਤ ਨੂੰ ਵਿਸਤਾਰ ਦੇਣ ਦੇ ਹਨ।' ਉਨ੍ਹਾਂ ਆਖਿਆ ਕਿ ਦੇਸ਼ ਵਿਚ ਸੋਲਰ ਪੈਨਲ, ਬੈਟਰੀ ਤੇ ਹੋਰ ਉਪਕਰਨਾਂ ਦਾ ਨਿਰਮਾਣ ਕਰਨ ਲਈ ਸਾਰੇ ਮਿਲ ਕੇ ਕੰਮ ਕਰ ਰਹੇ ਹਨ। ਸੋਲਰ ਪੈਨਲ ਸਣੇ ਸਾਰੇ ਉਪਕਰਨਾਂ ਲਈ ਦਰਾਮਦ 'ਤੇ ਨਿਰਭਰਤਾ ਖ਼ਤਮ ਕਰਨੀ ਪਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਾਫ਼-ਸੁਥਰੀ ਊਰਜਾ ਲਈ ਸੱਭ ਤੋਂ ਆਕਰਸ਼ਕ ਬਾਜ਼ਾਰ ਹੈ। ਮੋਦੀ ਨੇ ਕਿਹਾ ਕਿ ਘਰੇਲੂ ਉਤਪਾਦਨ ਵਧਾਉਣ ਲਈ ਹੋਰ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਸਰਕਾਰੀ ਵਿਭਾਗਾਂ ਨੂੰ ਮੇਕ ਇਨ ਇੰਡੀਆ ਉਪਕਰਨ ਹੀ ਖ਼ਰੀਦਣ ਦੇ ਨਿਰਦੇਸ਼ ਦਿਤੇ ਗਏ ਹਨ। ਦੇਸ਼ ਦੇ ਉਦਮੀਆਂ, ਨੌਜਵਾਨ ਸਾਥੀਆਂ ਨੂੰ ਇਹੋ ਅਪੀਲ ਹੈ ਕਿ ਇਸ ਮੌਕੇ ਦਾ ਫ਼ਾਇਦਾ ਲੈਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਜੀ ਊਰਜੀ ਦੇ ਮਾਮਲੇ ਵਿਚ ਅਸੀਂ ਦੁਨੀਆਂ ਦੇ ਪੰਜਵੇਂ ਸਥਾਨ 'ਤੇ ਹਾਂ। ਸੂਰਜੀ ਊਰਜਾ ਅੱਜ ਹੀ ਨਹੀਂ ਸਗੋਂ 21ਵੀਂ ਸਦੀ ਦੀ ਊਰਜਾ ਦਾ ਵੱਡਾ ਜ਼ਰੀਆ ਬਣਨ ਵਾਲੀ ਹੈ। ਪੂਰੀ ਦੁਨੀਆਂ ਵਿਚ ਇਸ ਦੀ  ਚਰਚਾ ਹੈ ਕਿ ਭਾਰਤ ਵਿਚ ਸੌਰ ਊਰਜਾ ਏਨੀ ਸਸਤੀ ਕਿਵੇਂ ਹੈ। ਇਹ ਚਰਚਾ ਵਧਣ ਵਾਲੀ ਹੈ

ਅਤੇ ਲੋਕ ਸਾਡੇ ਕੋਲੋਂ ਸਿਖਣਗੇ। ਸਾਫ਼-ਸੁਥਰੀ ਊਰਜਾ ਲਈ ਭਾਰਤ ਸੱਭ ਤੋਂ ਵੱਡਾ ਬਾਜ਼ਾਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਉਂ ਜਿਉਂ ਭਾਰਤ ਵਿਕਾਸ ਦੇ ਨਵੇਂ ਸਿਖਰ ਵਲ ਵਧ ਰਿਹਾ ਹੈ, ਸਾਡੀਆਂ ਖ਼ਾਹਸ਼ਾਂ ਅਤੇ ਲੋੜਾਂ ਵੀ ਵੱਧ ਰਹੀਆਂ ਹਨ। ਬਿਜਲੀ ਦੀਆਂ ਲੋੜਾਂ ਵੀ ਵੱਧ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।