ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ : ਵਧ ਸਕਦੀਆਂ ਹਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ ਮੁਸ਼ਕਿਲਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਚਾਰਜਸ਼ੀਟ 'ਚ ਅਪਰਾਧ ਨੂੰ ਦਸਿਆ ਸਜ਼ਾ ਲਾਇਕ

representational

ਕਿਹਾ: ਜਿਨਸੀ ਸੋਸ਼ਣ, ਛੇੜਛਾੜ ਤੇ ਪਿੱਛਾ ਕਰਨ ਵਰਗੇ ਅਪਰਾਧਾਂ ਲਈ ਬ੍ਰਿਜ ਭੂਸ਼ਣ ਵਿਰੁਧ ਚਲਾਇਆ ਜਾ ਸਕਦਾ ਹੈ ਮੁਕੱਦਮਾ 
ਦੋਸ਼ ਸਾਬਤ ਹੋਣ 'ਤੇ ਹੋ ਸਕਦੀ ਹੈ ਪੰਜ ਸਾਲ ਤਕ ਕੈਦ 

ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਦੇ ਦੋਸ਼ਾਂ 'ਚ ਦਿੱਲੀ ਪੁਲਿਸ ਦੀ ਅਦਾਲਤ 'ਚ ਦਾਖ਼ਲ ਕੀਤੀ ਚਾਰਜਸ਼ੀਟ ਦੇ ਕੁਝ ਅਹਿਮ ਪਹਿਲੂ ਸਾਹਮਣੇ ਆਏ ਹਨ। ਇਨ੍ਹਾਂ ਗੱਲਾਂ ਕਾਰਨ ਬ੍ਰਿਜ ਭੂਸ਼ਣ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਪੁਲਿਸ ਨੇ ਅਪਣੀ ਚਾਰਜਸ਼ੀਟ 'ਚ ਕਿਹਾ ਹੈ ਕਿ 6 ਚੋਟੀ ਦੇ ਭਲਵਾਨਾਂ ਦੀਆਂ ਸ਼ਿਕਾਇਤਾਂ 'ਤੇ ਹੁਣ ਤਕ ਦੀ ਜਾਂਚ ਦੇ ਆਧਾਰ 'ਤੇ ਡਬਲਯੂ.ਐਫ਼.ਆਈ. ਦੇ ਪ੍ਰਧਾਨ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਨਸੀ ਸ਼ੋਸ਼ਣ, ਛੇੜਛਾੜ ਅਤੇ ਪਿੱਛਾ ਕਰਨ ਵਰਗੇ ਅਪਰਾਧਾਂ ਲਈ ਮੁਕੱਦਮਾ ਚਲਾਉਣ ਅਤੇ ਸਜ਼ਾ ਦੇ ਹੱਕਦਾਰ ਹਨ। ਮੀਡੀਆ ਰਿਪੋਰਟਾਂ ਅਨੁਸਾਰ, 13 ਜੂਨ ਦੀ ਚਾਰਜਸ਼ੀਟ ਵਿਚ ਧਾਰਾ 506 (ਅਪਰਾਧਕ ਧਮਕੀ), 354, 354ਏ (ਜਿਨਸੀ ਉਤਪੀੜਨ) ਅਤੇ 354ਡੀ ਨੂੰ ਲਾਗੂ ਕਰਦੇ ਹੋਏ ਇਹ ਵੀ ਕਿਹਾ ਗਿਆ ਹੈ ਕਿ ਬ੍ਰਿਜ ਭੂਸ਼ਣ ਵਲੋਂ ਉਤਪੀੜਨ ਲਗਾਤਾਰ ਜਾਰੀ ਸੀ।

ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਬ੍ਰਿਜ ਭੂਸ਼ਣ ਅਤੇ ਸਕੱਤਰ ਵਿਨੋਦ ਤੋਮਰ ਨੂੰ 18 ਜੁਲਾਈ ਨੂੰ ਅਦਾਲਤ ਵਿਚ ਤਲਬ ਕੀਤਾ ਹੈ। ਇਸ 'ਤੇ ਬ੍ਰਿਜ ਭੂਸ਼ਣ ਨੇ ਕਿਹਾ ਕਿ ਉਹ ਅਦਾਲਤ 'ਚ ਪੇਸ਼ ਹੋਣਗੇ। ਉਹ ਅਦਾਲਤ ਵਿਚ ਪੇਸ਼ ਹੋਣ ਤੋਂ ਕੋਈ ਛੋਟ ਨਹੀਂ ਚਾਹੁੰਦੇ ਹਨ। ਦੱਸ ਦੇਈਏ ਕਿ ਦਿੱਲੀ ਪੁਲਿਸ ਨੇ 15 ਜੂਨ ਨੂੰ ਰਾਉਸ ਐਵੇਨਿਊ ਕੋਰਟ 'ਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਬ੍ਰਿਜ ਭੂਸ਼ਣ ਤੋਂ ਇਲਾਵਾ ਡਬਲਯੂ.ਐਫ਼.ਆਈ. ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਨਾਂਅ ਵੀ ਮੁਲਜ਼ਮਾਂ ਵਿਚ ਸ਼ਾਮਲ ਹੈ। ਚਾਰਜਸ਼ੀਟ ਵਿਚ ਭਲਵਾਨਾਂ ਵਲੋਂ ਮੈਜਿਸਟਰੇਟ ਸਾਹਮਣੇ ਦਿਤੇ ਬਿਆਨ ਨੂੰ ਅਹਿਮ ਆਧਾਰ ਮੰਨਿਆ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ’ਚ ਪਿਛਲੇ 15 ਸਾਲਾਂ ਦੌਰਾਨ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ: ਸੰਯੁਕਤ ਰਾਸ਼ਟਰ ਦੀ ਰੀਪੋਰਟ  

ਬ੍ਰਿਜ ਭੂਸ਼ਣ ਵਿਰੁਧ ਕਰੀਬ 7 ਗਵਾਹ ਪਾਏ ਗਏ ਹਨ। ਇਸ ਦੇ ਨਾਲ ਹੀ ਜਿਨਸੀ ਸ਼ੋਸ਼ਣ ਦੇ ਕਥਿਤ ਸਥਾਨ 'ਤੇ ਉਸ ਦੀ ਮੌਜੂਦਗੀ ਦੇ ਸਬੂਤ ਵੀ ਮਿਲੇ ਹਨ। ਚਾਰਜਸ਼ੀਟ ਦੀ ਪਹਿਲੀ ਸੁਣਵਾਈ 'ਤੇ ਅਦਾਲਤ ਨੇ ਇਸ ਨੂੰ ਸੰਸਦ ਮੈਂਬਰ-ਵਿਧਾਇਕ ਅਦਾਲਤ 'ਚ ਤਬਦੀਲ ਕਰ ਦਿਤਾ। ਇਸ ਤੋਂ ਇਲਾਵਾ ਅਦਾਲਤ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤਕਰਤਾ ਭਲਵਾਨਾਂ ਨੂੰ ਚਾਰਜਸ਼ੀਟ ਦੀ ਕਾਪੀ ਮੁਹੱਈਆ ਕਰਵਾਉਣ ਦੇ ਹੁਕਮ ਦਿਤੇ ਹਨ।

ਭਲਵਾਨਾਂ  ਨੇ ਜਾਂਚ ਦੌਰਾਨ ਸਬੂਤ ਵਜੋਂ 5 ਤਸਵੀਰਾਂ ਪੁਲਿਸ ਨੂੰ ਸੌਂਪੀਆਂ ਹਨ। ਇਸ ਤੋਂ ਇਲਾਵਾ ਜੋ ਹੋਰ ਡਿਜੀਟਲ ਸਬੂਤ ਦਿਤੇ ਗਏ ਸਨ, ਉਹ ਪੈਨ ਡਰਾਈਵ ਵਿਚ ਅਦਾਲਤ ਨੂੰ ਸੌਂਪੇ ਗਏ ਹਨ। ਚਾਰਜਸ਼ੀਟ ਵਿਚ ਕਰੀਬ 25 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। 7 ਗਵਾਹਾਂ ਨੇ ਪੀੜਤ ਬਾਲਗ ਭਲਵਾਨ ਦੇ ਦੋਸ਼ਾਂ ਦਾ ਸਮਰਥਨ ਕੀਤਾ ਹੈ। ਬਾਕੀ ਮੁਲਜ਼ਮਾਂ ਦੇ ਹੱਕ ਵਿਚ ਬੋਲੇ ​​ਹਨ। ਮੁਕੱਦਮੇ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਮੰਗਲਵਾਰ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਵਿਚ ਨਾਬਾਲਗ ਪਹਿਲਵਾਨ ਦੇ ਬਿਆਨਾਂ 'ਤੇ ਬ੍ਰਿਜ ਭੂਸ਼ਣ ਵਿਰੁਧ ਦਰਜ ਕੇਸ ਦੀ ਕਲੋਜ਼ਰ ਰਿਪੋਰਟ 'ਤੇ ਸੁਣਵਾਈ ਕੀਤੀ। ਕੈਂਸਲੇਸ਼ਨ ਰਿਪੋਰਟ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਨਾਬਾਲਗ ਭਲਵਾਨਾਂ ਅਤੇ ਉਸ ਦੇ ਪਿਤਾ ਨੂੰ ਬਿਆਨ ਬਦਲਣ ਲਈ ਨੋਟਿਸ ਜਾਰੀ ਕਰ ਕੇ ਇਸ ਦਾ ਕਾਰਨ ਪੁੱਛਿਆ ਹੈ ਅਤੇ 1 ਅਗਸਤ ਤਕ ਜਵਾਬ ਦੇਣ ਲਈ ਕਿਹਾ ਹੈ।

ਇਸ ਦੌਰਾਨ ਜੱਜ ਨੇ ਕਿਹਾ ਕਿ ਅਦਾਲਤ ਨਾਬਾਲਗ ਦਾ ਪੱਖ ਜਾਣਨਾ ਚਾਹੁੰਦੀ ਹੈ ਅਤੇ ਉਸ ਦਾ ਪੱਖ ਪੇਸ਼ ਹੋਣ ਤੋਂ ਬਾਅਦ ਹੀ ਕੇਸ ਨੂੰ ਰੱਦ ਕਰਨ ਬਾਰੇ ਫ਼ੈਸਲਾ ਲਵੇਗੀ। ਕੁਝ ਦਿਨ ਪਹਿਲਾਂ ਨਾਬਾਲਗ ਪਹਿਲਵਾਨ ਨੇ ਅਦਾਲਤ ਵਿਚ ਵੀ ਅਪਣੇ ਬਿਆਨ ਬਦਲਦੇ ਹੋਏ ਕਿਹਾ ਸੀ ਕਿ ਮਾਮਲਾ ਜਿਨਸੀ ਸ਼ੋਸ਼ਣ ਦਾ ਨਹੀਂ, ਸਗੋਂ ਵਿਤਕਰੇ ਦਾ ਹੈ। ਉਹ ਮੁਕੱਦਮੇ ਵਿਚ ਪੱਖਪਾਤ ਤੋਂ ਨਾਰਾਜ਼ ਸੀ, ਇਸ ਲਈ ਉਸ ਨੇ ਝੂਠੀ ਸ਼ਿਕਾਇਤ ਦਿਤੀ। ਇਸ ਮਾਮਲੇ ਵਿਚ ਦਿੱਲੀ ਪੁਲਿਸ ਨੇ 15 ਜੂਨ ਨੂੰ ਅਦਾਲਤ ਵਿਚ ਕੈਂਸਲੇਸ਼ਨ ਰਿਪੋਰਟ ਦਾਇਰ ਕੀਤੀ ਸੀ ਜਿਸ ਵਿਚ ਕਿਹਾ ਗਿਆ ਹੈ ਕਿ ਜਾਂਚ ਵਿਚ ਜਿਨਸੀ ਸ਼ੋਸ਼ਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਸ ਲਈ ਇਸ ਕੇਸ ਨੂੰ ਬੰਦ ਕੀਤਾ ਜਾਵੇ।