28 ਅਗਸਤ ਨੂੰ ਰਾਮਲੀਲਾ ਮੈਦਾਨ 'ਚ 'ਮਹਿੰਗਾਈ ’ਤੇ ਹੱਲਾ ਬੋਲ' ਰੈਲੀ ਕਰੇਗੀ ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

17 ਅਗਸਤ ਤੋਂ 23 ਅਗਸਤ ਤੱਕ ਦੇਸ਼ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਮੰਡੀਆਂ, ਪ੍ਰਚੂਨ ਬਾਜ਼ਾਰਾਂ ਅਤੇ ਹੋਰ ਕਈ ਥਾਵਾਂ 'ਤੇ 'ਮਹਿੰਗਾਈ ਚੌਪਾਲ' ਦਾ ਆਯੋਜਨ ਕੀਤਾ ਜਾਵੇਗਾ

Congress will hold rally on inflation at Ramlila Maidan on August 28

 

ਨਵੀਂ ਦਿੱਲੀ: ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਨ ਦੇ ਮਕਸਦ ਨਾਲ ਕਾਂਗਰਸ 28 ਅਗਸਤ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ‘ਮਹਿੰਗਾਈ ’ਤੇ ਹੱਲਾ ਬੋਲ’ ਰੈਲੀ ਕਰੇਗੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਨੁਸਾਰ ਇਸ ਰੈਲੀ ਤੋਂ ਪਹਿਲਾਂ 17 ਅਗਸਤ ਤੋਂ 23 ਅਗਸਤ ਤੱਕ ਦੇਸ਼ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਮੰਡੀਆਂ, ਪ੍ਰਚੂਨ ਬਾਜ਼ਾਰਾਂ ਅਤੇ ਹੋਰ ਕਈ ਥਾਵਾਂ 'ਤੇ 'ਮਹਿੰਗਾਈ ਚੌਪਾਲ' ਦਾ ਆਯੋਜਨ ਕੀਤਾ ਜਾਵੇਗਾ।

Congress

ਇਕ ਬਿਆਨ ਵਿਚ ਉਹਨਾਂ ਕਿਹਾ, "ਕਾਂਗਰਸ ਨੇ 5 ਅਗਸਤ ਨੂੰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਇਕ ਅੰਦੋਲਨ ਸ਼ੁਰੂ ਕੀਤਾ, ਜਿਸ ਨਾਲ ਲੋਕਾਂ ਨੇ ਆਪਣੇ ਆਪ ਨੂੰ ਜੋੜਿਆ। ਪ੍ਰਧਾਨ ਮੰਤਰੀ ਨੇ ਨਿਰਾਸ਼ਾ ਦੇ ਆਲਮ ਵਿਚ ਇਸ ਨੂੰ "ਕਾਲਾ ਜਾਦੂ" ਕਹਿਣ ਦੀ ਕੋਸ਼ਿਸ਼ ਕੀਤੀ ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭਾਜਪਾ ਸਰਕਾਰ ਅਸਮਾਨ ਛੂਹ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਰੋਕਣ ਵਿਚ ਅਸਫਲ ਰਹੀ ਹੈ”।

Congress

ਰਮੇਸ਼ ਅਨੁਸਾਰ ਕਾਂਗਰਸ ਆਉਣ ਵਾਲੇ ਹਫ਼ਤਿਆਂ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਆਪਣੀ ਲੜਾਈ ਤੇਜ਼ ਕਰੇਗੀ। ਉਹਨਾਂ ਕਿਹਾ, "ਕਾਂਗਰਸ 17 ਅਗਸਤ ਤੋਂ 23 ਅਗਸਤ ਤੱਕ ਦੇਸ਼ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਮੰਡੀਆਂ, ਪ੍ਰਚੂਨ ਬਾਜ਼ਾਰਾਂ ਅਤੇ ਹੋਰ ਕਈ ਥਾਵਾਂ 'ਤੇ "ਚੌਪਾਲ" ਦਾ ਆਯੋਜਨ ਕਰੇਗੀ। ਇਸ ਦੀ ਸਮਾਪਤੀ 28 ਅਗਸਤ ਨੂੰ ਰਾਮਲੀਲਾ ਮੈਦਾਨ ਵਿਚ ‘ਮਹਿੰਗਾਈ ’ਤੇ ਹੱਲਾ ਬੋਲ’ ਰੈਲੀ ਨਾਲ ਹੋਵੇਗੀ। ਇਸ ਰੈਲੀ ਨੂੰ ਸੀਨੀਅਰ ਕਾਂਗਰਸੀ ਆਗੂ ਸੰਬੋਧਨ ਕਰਨਗੇ”। ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਰਾਮਲੀਲਾ ਮੈਦਾਨ 'ਚ ਰੈਲੀ ਨੂੰ ਸੰਬੋਧਨ ਕਰਨਗੇ। ਰਮੇਸ਼ ਨੇ ਦੱਸਿਆ ਕਿ ਇਸ ਰੈਲੀ ਦੇ ਨਾਲ ਹੀ ਸੂਬਾ ਕਾਂਗਰਸ ਕਮੇਟੀਆਂ ਵੱਲੋਂ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ‘ਮਹਿੰਗਾਈ ’ਤੇ ਹੱਲਾ ਬੋਲ -ਚਲੋ ਦਿੱਲੀ' ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

Congress

ਉਹਨਾਂ ਦਾਅਵਾ ਕੀਤਾ, "ਭਾਰਤ ਦੇ ਲੋਕ ਮੋਦੀ ਸਰਕਾਰ ਦੇ ਆਰਥਿਕ ਕੁਸ਼ਾਸਨ ਦਾ ਖਮਿਆਜ਼ਾ ਭੁਗਤ ਰਹੇ ਹਨ। ਦਹੀਂ, ਮੱਖਣ, ਖਾਣ ਵਾਲੀਆਂ ਜ਼ਰੂਰੀ ਵਸਤਾਂ 'ਤੇ ਟੈਕਸ ਮਹਿੰਗਾਈ ਨੂੰ ਵਧਾ ਰਹੇ ਹਨ, ਜਦਕਿ ਜਨਤਕ ਜਾਇਦਾਦ ਦੋਸਤ ਪੂੰਜੀਪਤੀਆਂ ਨੂੰ ਟ੍ਰਾਂਸਫਰ ਕਰਨ ਅਤੇ ਫੌਜ ਵਿਚ ਭਰਤੀ ਦੀ ਦਿਸ਼ਾਹੀਣ ਅਗਨੀਪਥ ਯੋਜਨਾ ਵਰਗੇ ਕਦਮਾਂ ਕਾਰਨ, ਰੁਜ਼ਗਾਰ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।" ਉਹਨਾਂ ਕਿਹਾ, "ਕਾਂਗਰਸ ਇਹਨਾਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਫੈਲਾਉਂਦੀ ਰਹੇਗੀ ਅਤੇ ਭਾਜਪਾ ਸਰਕਾਰ 'ਤੇ ਆਪਣੀਆਂ ਗਲਤ ਨੀਤੀਆਂ ਨੂੰ ਬਦਲਣ ਲਈ ਦਬਾਅ ਵਧਾਏਗੀ।"